Pages

Wednesday, September 21, 2011

ਜਦੋਂ ਪੀਪਲਜ਼ ਪਾਰਟੀ ਦਾ ਹਥੌੜਾ ਚੱਲਿਆ, ਉਦੋਂ ਅਕਾਲੀ ਦਲ ਦੇ ਟੁੱਕੜੇ ਟੁੱਕੜੇ ਹੋ ਜਾਣਗੇ - ਮਨਪ੍ਰੀਤ ਬਾਦਲ

ਲੋਕਾਂ ਨੂੰ ਰਾਜਨੀਤਕ ਫੈਕਟਰੀਆਂ ਦਾ ਕੱਚਾ ਮਾਲ ਸਮਝਦੇ ਨੇ ਲੀਡਰ - ਭਗਵੰਤ ਮਾਨ

ਮਹਿਲ ਕਲਾਂ ਵਿਖੇ ਪੀਪਲਜ਼ ਪਾਰਟੀ ਆੱਫ ਪੰਜਾਬ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ, ਭਗਵੰਤ ਮਾਨ ਸਮੇਤ ਵੱਖ-ਵੱਖ ਬੁਲਾਰੇ। (ਹੇਠਾਂ) ਵਿਸ਼ਾਲ ਇਕੱਠ।
ਪੱਤਰ ਪ੍ਰੇਰਕ
ਮਹਿਲ ਕਲਾਂ, 21 ਸਤੰਬਰ
ਅਕਾਲੀ ਦਲ ਦੁਆਰਾ ਸਮੇਂ ਦੀ ਹਕੂਮਤ ਦਾ ਨਜ਼ਾਇਜ ਫਾਇਦਾ ਉਠਾਉਦਿਆਂ ਪੀਪਲਜ਼ ਪਾਰਟੀ ਦੇ ਆਗੂ ਵਰਕਰਾਂ ਨੂੰ ਡਰਾਅ ਧਮਕਾ ਉਨ੍ਹਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ, ਪਰ ਅਸੀਂ ਉਨ੍ਹਾਂ ਨੂੰ ਦੱਸਣਾ ਚਹੁੰਦੇ ਹਾਂ ਜਿਸ ਦਿਨ ਪੀਪਲਜ਼ ਪਾਰਟੀ ਦਾ ਹਥੌੜਾ ਚੱਲਿਆ ਅਕਾਲੀ ਦਲ ਦੇ ਟੁੱਕੜੇ ਟੁੱਕੜੇ ਹੋ ਜਾਣਗੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆੱਫ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਅਨਾਜ ਮੰਡੀ ਮਹਿਲ ਕਲਾਂ ਵਿਖੇ ਹਲਕੇ ਦੇ ਲੋਕਾਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਅੱਜ ਤੋਂ ਚਾਰ ਮਹੀਨੇ ਬਾਅਦ ਪੰਜਾਬ ਵਿਚ ਬੰਦੇ ਦਾ ਨਹੀਂ ਸਗੋਂ ਕਾਨੂੰਨ ਦਾ ਰਾਜ ਆਵੇਗਾ ਅਤੇ ਪੀਪਲਜ਼ ਪਾਰਟੀ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਵੇਗੀ। ਸ. ਬਾਦਲ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਨਸ਼ਿਆ ਦੀ ਦਲ ਦਲ ਵਿਚ ਧਸ ਰਹੇ ਹਨ, ਦਿਨੋਂ ਦਿਨ ਵਧ ਰਹੀ ਮਹਿੰਗਾਈ ਨੇ ਪੰਜਾਬ ਦੇ ਕਿਰਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਪਰ ਸਰਕਾਰਾਂ ਅਜਿਹੇ ਵਿਚ ਵਿਕਾਸ ਦਾ ਢਿਡੋਰਾ ਪਿੱਟ ਰਹੀਆਂ ਹਨ। ਉਨ੍ਹਾਂ ਕਿ ਜਿਹੜੀ ਅਜ਼ਾਦੀ ਦੀ ਪ੍ਰਾਪਤੀ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਗੇ ਯੋਧਿਆਂ ਨੇ ਕੁਰਬਾਨੀਆਂ ਕੀਤੀ ਅਸਲੀਅਤ ਵਿਚ ਉਹ ਅਜ਼ਾਦੀ ਲੋਕਾਂ ਨੂੰ ਮਿਲੀ ਹੀ ਨਹੀਂ ਸਾਡੇ ਲੀਡਰਾਂ ਨੇ ਲੋਕਾਂ ਨੂੰ ਆਪਣੇ ਗੁਲਾਮ ਬਣਾ ਰੱਖਿਆ ਹੈ। ਉਨਾਂ ਕਿ ਪੀਪਲਜ਼ ਪਾਰਟੀ ਦੇ ਰਾਜ ਵਿਚ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਊਗੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਪੂਰੇ ਪੂਰੇ ਹੱਕ ਮਿਲਣਗੇ। ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇ ਹਾਕਮ ਪੰਜਾਬ ਦੇ ਲੋਕਾਂ ਨੂੰ ਆਪਣੀ ਰਾਜਨੀਤਕ ਫੈਕਟਰੀਆਂ ਦਾ ਕੱਚਾ ਮਾਲ ਸਮਝਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਤੇ ਟਿਪਣੀ ਕਰਦਿਆਂ ਕਿਹਾ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਲਕਿ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੈ ਕਿਉਕਿ ਕਮੇਟੀ ਮੈਂਬਰਾਂ ਅਤੇ ਅਕਾਲੀ ਲੀਡਰਾਂ ਦਾ ਧਿਆਨ ਗੁਰਦੁਆਰਿਆਂ ਉੱਤੇ ਘੱਟ ਅਤੇ ਗੁਰੂ ਦੀ ਗੋਲਕ ਨੂੰ ਹਜ਼ਮ ਕਰਨ ਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਮੈਂ ਬਚਪਨ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਦਾ ਇਕ ਬਿਆਨ ਪੜ੍ਹਦਾ ਆ ਰਿਹਾਂ ਕਿ "ਇਕ ਵਾਰ ਮੌਕਾ ਦੇ ਦਿਓ ਪੰਜਾਬ ਨੂੰ ਕੈਲੇਫੋਰਨੀਆਂ ਬਣਾ ਦਿਆਂਗਾ", ਪਰ ਅਫ਼ਸੋਸ ਇਨ੍ਹਾਂ ਲੋਕਾਂ ਨੇ ਤਾਂ ਅੱਜ ਪੰਜਾਬ ਨੂੰ ਪੰਜਾਬ ਵੀ ਰਹਿਣ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਲੀਡਰਾਂ ਵਾਂਗ ਲੋਕਾਂ ਦੀਆਂ ਭੀੜਾਂ ਇਕੱਠੀਆਂ ਨਹੀਂ ਕਰਦੇ ਸਗੋਂ ਲੋਕਾਂ ਦੀਆਂ ਪੀੜ੍ਹਾਂ ਇਕੱਠੀਆਂ ਕਰਦੇ ਹਾਂ। ਇਸ ਮੌਕੇ ਕੁਲਵੰਤ ਸਿੰਘ ਲੋਹਗੜ੍ਹ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਾਬਕਾ ਵਿਧਾਇਕ ਰਾਜ ਸਿੰਘ ਖੇੜੀ ਤੇ ਗਿਆਨੀ ਭਗਵੰਤ ਸਿੰਘ ਖ਼ਾਲਸਾ ਨੇ ਹਲਕੇ ਦੇ ਲੋਕਾਂ ਨੂੰ ਪੀਪਲਜ਼ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ। ਸਾਬਕਾ ਚੇਅਰਮੈਨ ਸਿੰਗਾਰਾ ਸਿੰਘ ਸੇਖਾ, ਜਸਵੰਤ ਸਿੰਘ ਝਲੂਰ, ਸ. ਗੁਲਬੰਤ ਸਿੰਘ ਔਲਖ, ਨੰਬਰਦਾਰ ਨਛੱਤਰ ਸਿੰਘ, ਸਰਬਜੀਤ ਸਿੰਘ ਕਲਾਲ ਮਾਜਰਾ, ਪਰਮਜੀਤ ਸਿੰਘ ਰੰਗੀਆਂ, ਬਲਵੰਤ ਸਿੰਘ ਮੱਕੜ, ਨਛੱਤਰ ਸਿੰਘ ਕਲਕੱਤਾ, ਪ੍ਰਧਾਨ ਰੂਪ ਸਿੰਘ ਸਮਰਾ ਦੀ ਅਗਵਾਈ ਹੇਠ ਸ. ਮਨਪ੍ਰੀਤ ਸਿੰਘ ਬਾਦਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਿਰ ਲੋਕਾਂ ਨੇ ਹੱਥ ਖੜ੍ਹੇ ਕਰਕੇ ਪੀਪਲਜ਼ ਪਾਰਟੀ ਦੇ ਹੱਕ ਵਿਚ ਡਟਣ ਦਾ ਐਲਾਨ ਕੀਤਾ।

Saturday, September 17, 2011

ਸੰਤ ਕਾਲਾਮਾਲਾ ਦੇ ਹੱਕ ਵਿਚ ਝੁੱਲੀ ਹਨੇਰੀ ਨੇ ਵਿਰੋਧੀਆਂ ਦੀ ਨੀਂਦ ਉਡਾਈ

►ਹਲਕਾ ਚੰਨਣਵਾਲ ਤੋਂ ਸੰਤ ਕਾਲਾਮਾਲਾ ਵਿਰੋਧੀਆਂ ਦੇ ਮੁਕਾਬਲੇ ਅੱਗੇ

ਪੱਤਰ ਪ੍ਰੇਰਕ
ਮਹਿਲ ਕਲਾਂ, 17 ਸਤੰਬਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਚੰਨਣਵਾਲ (ਜਨਰਲ) ਤੋਂ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਇਲਾਕੇ ਦੀਆਂ ਸਿੱਖ ਸੰਗਤਾਂ ਦੁਆਰਾ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰੇ ਐਸ. ਜੀ. ਪੀ. ਸੀ. ਦੇ ਦਰਵੇਸ਼ ਮੈਂਬਰ ਸੰਤ ਜਸਵੀਰ ਸਿੰਘ ਖ਼ਾਲਸਾ ਕਾਲਾਮਾਲਾ ਸਾਹਿਬ ਵਾਲਿਆਂ ਦੀ ਸ਼ਿਖਰ ਤੇ ਪੁਜੀ ਚੋਣ ਮੁਹਿੰਮ ਨੇ ਜਿੱਥੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਚੋਣ ਲੜ੍ਹ ਰਹੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਪੰਥਕ ਮੋਰਚੇ ਦੇ ਉਮੀਦਵਾਰ ਜਥੇ. ਗੁਰਮੇਲ ਸਿੰਘ ਛੀਨੀਵਾਲ ਲਈ ਵੀ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਕੱਲ੍ਹ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸੰਤ ਕਾਲਾਮਾਲਾ ਵੱਲੋਂ ਹਲਕੇ ਦੇ ਸਾਰੇ ਪਿੰਡਾਂ ਵਿਚ ਲਾਮਬੰਦ ਕੀਤਾ ਚੋਣ ਕਾਫ਼ਲਾ ਇਸ ਗੱਲ ਦਾ ਗਵਾਹ ਹੈ ਕਿ ਹਲਕੇ ਦੇ ਲੋਕ ਆਪਣੇ ਸਾਰੇ ਰਾਜਸੀ ਮਤਭੇਦ ਛੱਡ ਕੇ ਪੂਰੀ ਤਰ੍ਹਾਂ ਨਾਲ ਸੰਤ ਕਾਲਾਮਾਲਾ ਨਾਲ ਆ ਡਟੇ ਹਨ। ਹੈਰਾਨੀ ਦੀ ਗੱਲ ਹੈ ਕਿ ਸੰਤ ਕਾਲਾਮਾਲਾ ਖਿਲਾਫ਼ ਚੋਣ ਲੜ ਰਹੇ ਬਾਬਾ ਦਲਬਾਰ ਸਿੰਘ ਛੀਨੀਵਾਲ ਦੀ ਚੋਣ ਮੁਹਿੰਮ ਨੂੰ ਸਹਾਰਾ ਦੇਣ ਲਈ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਅਤੇ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਲੋਕ ਨਿਰਮਾਣ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ ਅਤੇ ਆਪਣੇ ਪ੍ਰਵਚਨਾਂ ਲਈ ਮਸ਼ਹੂਰ ਬਾਬਾ ਛੀਨੀਵਾਲ ਦੇ ਸਰਵੇ ਸਰਵਾ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਤੱਕ ਹਲਕੇ ਦਾ ਦੌਰਾ ਕਰ ਚੁੱਕੇ ਹਨ। ਪੰਥਕ ਮੋਰਚੇ ਦੇ ਉਮੀਦਵਾਰ ਜਥੇਦਾਰ ਗੁਰਮੇਲ ਸਿੰਘ ਛੀਨੀਵਾਲ ਵਾਸਤੇ ਵੋਟਾਂ ਮੰਗਣ ਲਈ ਤਾਮਿਲਨਾਡੂ ਦੇ ਸਾਬਕਾ ਰਾਜਪਾਲ ਸ. ਸੁਰਜੀਤ ਸਿੰਘ ਬਰਨਾਲਾ, ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਪ੍ਰਧਾਨ ਬੀਬੀ ਸੁਰਜੀਤ ਕੌਰ ਬਰਨਾਲਾ ਵੀ ਚੋਣ ਰੈਲੀਆਂ, ਮੀਟਿੰਗਾਂ ਨੂੰ ਸੰਬੋਧਨ ਕਰ ਚੁੱਕੇ ਹਨ। ਚੋਣ ਦੌਰਾਨ ਬੇਸ਼ੱਕ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਗੁਰਮੇਲ ਸਿੰਘ ਛੀਨੀਵਾਲ ਕਾਫ਼ੀ ਪਛੜੇ ਨਜ਼ਰ ਆਏ ਪ੍ਰੰਤੂ ਸੱਤਾਧਾਰੀ ਧਿਰ ਦੇ ਉਮੀਦਵਾਰ ਬਾਬਾ ਦਲਬਾਰ ਸਿੰਘ ਛੀਨੀਵਾਲ ਦੇ ਚੋਣ ਪ੍ਰਚਾਰ ਦੌਰਾਨ ਸਥਾਨਕ ਵੱਡੇ ਅਕਾਲੀ ਆਗੂਆਂ ਦੀਆਂ ਸਟੇਜਾਂ ਉਪਰ ਹੋਈਆਂ ਤਕਰਾਰਬਾਜ਼ੀਆਂ ਅਤੇ ਗਾਲ਼ੀ ਗਲੋਚ ਨੇ ਬਾਬਾ ਛੀਨੀਵਾਲ ਦੀ ਸਥਿਤੀ ਨੂੰ ਡਾਵਾਂਡੋਲ ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਲਕੇ ਦੇ ਪਿੰਡ ਫਰਵਾਹੀ ਵਿਚ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਅਤੇ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਗੁੱਥਮ-ਗੁੱਥਾ ਹੋ ਗਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਸਮੁੱਚੀ ਚੋਣ ਮੁਹਿੰਮ ਦੌਰਾਨ ਰਾਖਵੇਂ ਹਲਕੇ ਚੰਨਣਵਾਲ ਤੋਂ ਉਮੀਦਵਾਰ ਸੰਤ ਬਲਵੀਰ ਸਿੰਘ ਘੁੰਨਸ ਅਤੇ ਜਨਰਲ ਉਮੀਦਵਾਰ ਸੰਤ ਦਲਬਾਲ ਸਿੰਘ ਛੀਨੀਵਾਲ ਦਾ ਆਪਸੀ ਤਾਲਮੇਲ ਕਿਧਰੇ ਵੀ ਨਜ਼ਰ ਨਹੀਂ ਆਇਆ। ਭਾਂਵੇ ਦੋਵਾਂ ਉਮੀਦਵਾਰਾਂ ਨੂੰ ਇਕੱਠਿਆਂ ਨੂੰ ਚੋਣ ਪ੍ਰਚਾਰ ਕਰਨ ਲਈ ਸ. ਸੁਖਦੇਵ ਸਿੰਘ ਢੀਂਡਸਾ ਨੇ ਵਾਰ ਵਾਰ ਯਤਨ ਵੀ ਕੀਤੇ। ਇਹ ਦਿਲਚਸਪ ਹੋਵੇਗਾ ਕਿ ਹਲਕੇ ਦੀਆਂ ਲਗਪਗ ਚਾਲੀ ਹਜ਼ਾਰ ਵੋਟਾਂ ਵਿਚੋਂ ਪੰਚੀ ਹਜ਼ਾਰ ਔਰਤਾਂ ਹਨ ਅਤੇ ਇਸ ਹਕੀਕਤ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਸੰਤ ਜਸਵੀਰ ਸਿੰਘ ਕਾਲਾਮਾਲਾ ਦੇ ਸ਼ਰਧਾਲੂਆਂ ਵਿਚ ਸਭ ਤੋਂ ਵੱਧ ਗਿਣਤੀ ਬੀਬੀਆਂ ਦੀ ਹੈ। ਹਲਕੇ ਅੰਦਰ ਚੋਣ ਪ੍ਰਚਾਰ ਦੌਰਾਨ ਸੰਤ ਕਾਲਾਮਾਲਾ ਦੇ ਵਿਰੋਧੀ ਇਕ ਉਮੀਦਵਾਰ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵੱਡੀ ਪੱਧਰ ਤੇ ਅਫ਼ੀਮ, ਭੁੱਕੀ ਅਤੇ ਸ਼ਰਾਬ ਵੰਡੇ ਜਾਣ ਦੀ ਭਾਰੀ ਚਰਚਾ ਚੱਲ ਰਹੀ ਹੈ। ਵਿਰੋਧੀ ਧਿਰ ਵੱਲੋਂ ਵੋਟਾਂ ਤੋਂ ਪਹਿਲਾਂ ਕੀਤੀ ਨਸ਼ਿਆਂ ਦੀ ਵੰਡ ਨੇ ਸੰਤ ਕਾਲਾਮਾਲਾ ਦੀ ਧਾਰਮਿਕ ਸਖ਼ਸ਼ੀਅਤ ਨੂੰ ਹੋਰ ਉਭਾਰਨ ਵਿਚ ਮਦਦ ਕੀਤੀ ਹੈ। ਇਹ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆ ਚੁੱਕੀ ਹੈ ਕਿ 18 ਸਤੰਬਰ ਨੂੰ ਹੋਣ ਵਾਲੀ ਚੋਣ ਨਤੀਜਾ ਹੈਰਾਨੀਜਨਕ ਹੋਵੇਗਾ।

ਹਲਕਾ ਚੰਨਣਵਾਲ ਤੋਂ ਸੰਤ ਜਸਵੀਰ ਸਿੰਘ ਖ਼ਾਲਸਾ ਦੀ ਜਿੱਤ ਯਕੀਨੀ

►ਸੰਤ ਖ਼ਾਲਸਾ ਦੇ ਹੱਕ ਵਿਚ ਸੈਂਕੜੇ ਸਮਰਥਕਾਂ ਵੱਲੋਂ ਪ੍ਰਭਾਵਸ਼ਾਲੀ ਰੋਡ ਸ਼ੋਅ

► ਮੋਰ ਮੋਰ ਹੋਗੀ ਮਿੱਤਰੋ



ਹਲਕਾ ਚੰਨਣਵਾਲ ਵੱਖ-ਵੱਖ ਪਿੰਡਾਂ ਵਿਚ ਰੋਡ ਸ਼ੋਅ ਦੌਰਾਨ ਕਾਫ਼ਲੇ ਦੀ ਅਗਵਾਈ ਕਰਦੇ ਹੋਏ ਸੰਤ ਜਸਵੀਰ ਸਿੰਘ ਖ਼ਾਲਸਾ ਅਤੇ ਹੋਰ ਆਗੂ। (ਸੱਜੇ) ਵਿਸ਼ਾਲ ਕਾਫ਼ਲੇ ਦਾ ਦ੍ਰਿਸ਼।




ਪੱਤਰ ਪ੍ਰੇਰਕ
ਮਹਿਲ ਕਲਾਂ, 16 ਸਤੰਬਰ
ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸ਼੍ਰੋਮਣੀ ਕਮੇਟੀ ਹਲਕਾ ਚੰਨਣਵਾਲ ਤੋਂ ਪੀਪਲਜ਼ ਪਾਰਟੀ ਆੱਫ ਪੰਜਾਬ, ਸਮੁੱਚੀਆਂ ਖੱਬੀਆਂ ਪਾਰਟੀਆਂ, ਲੋਕਲ ਗੁਰਦੁਆਰਾ ਕਮੇਟੀਆਂ, ਇਲਾਕੇ ਦੀਆਂ ਸਮੂਹ ਸਮਾਜ ਸੇਵੀ ਜਥੇਬੰਦੀਆਂ, ਨੌਜਵਾਨ ਕਲੱਬਾਂ ਦੇ ਸਰਬ ਸਾਂਝੇ ਬੇਦਾਗ ਅਜ਼ਾਦ ਉਮੀਦਵਾਰ ਸੰਤ ਜਸਵੀਰ ਸਿੰਘ ਖ਼ਾਲਸਾ ਕਾਲਾਮਾਲਾ ਸਾਹਿਬ ਦੇ ਹੱਕ ਵਿਚ ਉਨ੍ਹਾਂ ਦੇ ਸਮੂਹ ਸਮਰਥਕਾਂ ਨੇ ਸੈਕੜਿਆਂ ਦੀ ਗਿਣਤੀ ਵਿਚ ਆਪਣੇ ਜੀਪਾਂ, ਕਾਰਾਂ, ਮੋਟਰਸਾਇਕਲਾਂ, ਅਤੇ ਸਕੂਟਰਾਂ ਤੇ ਸਵਾਰ ਹੋ ਕੇ ਸਮੁੱਚੇ ਹਲਕੇ ਦੇ ਪਿੰਡਾਂ ਵਿਚ ਪ੍ਰਭਾਵਸ਼ਾਲੀ ਰੋਡ ਸ਼ੋਅ ਕੀਤਾ। ਖਰਾਬ ਮੌਸਮ ਦੇ ਬਾਵਜੂਦ ਵੀ ਹਲਕੇ ਦੀਆਂ ਵੱਡੀ ਗਿਣਤੀ ਵਿਚ ਮੌਜੂਦ ਸਿੱਖ ਸੰਗਤਾਂ, ਬੀਬੀਆਂ ਅਤੇ ਨੌਜਵਾਨਾਂ ਨੇ ਬੁਲੰਦ ਹੌਸਲੇ ਅਤੇ ਜੋਸ਼ੋ ਖਰੋਸ਼ ਨਾਲ ਚੋਣ ਨਿਸ਼ਾਨ “ਮੋਰ” ਵਾਲੀਆਂ ਝੰਡੀਆਂ ਅਤੇ ਬੈਨਰ ਚੁੱਕ ਕੇ ਭਾਗ ਲਿਆ। ਇਸ ਤੋਂ ਪਹਿਲਾਂ ਦਾਣਾ ਮੰਡੀ ਮਹਿਲ ਕਲਾਂ ਵਿਖੇ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਸੰਤ ਜਸਵੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਅੱਜ ਦੇ ਇਸ ਵਿਸ਼ਾਲ ਇਕੱਠ ਵਿਚ ਸ਼ਾਮਿਲ ਹਰ ਵਗਰ ਦੀਆਂ ਸੰਗਤਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਹਲਕੇ ਦੇ ਲੋਕ ਹਰ ਕਿਸਮ ਦੀਆਂ ਜ਼ਿਆਦਤੀਆਂ ਅਤੇ ਧੱਕੇ ਧੋੜੇ ਦੇ ਖਿਲਾਫ਼ ਆਪਣੀਆਂ ਸ਼ਾਨਦਾਰ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਉਨ੍ਹਾਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਸੁਝਵਾਨ ਲੋਕ ਹੁਣ ਮੌਕਾਪ੍ਰਸਤ ਲੀਡਰਾਂ ਦੀ ਅਸਤੀਅਤ ਤੋਂ ਜਾਣੂ ਹੋ ਚੁੱਕੇ ਹੁਣ ਜਲਦ ਹੀ ਉਨ੍ਹਾਂ ਨੂੰ ਸਬਕ ਸਿਖਾ ਦੇਣਗੇ। ਭਾਈ ਮਨਜੀਤ ਸਿੰਘ ਲੋਹਟਬੱਦੀ ਨੇ ਕਿਹਾ ਕਿ ਸੰਤ ਖ਼ਾਲਸਾ ਨੇ ਗੁਰੂਘਰਾਂ ਦੀ ਸੇਵਾ ਸੰਭਾਲ ਤੋਂ ਇਲਾਵਾ ਸਮਾਜ ਸੇਵਾ ਦੇ ਖੇਤਰ ਜੋ ਮਿਸਾਲੀ ਪੈੜਾਂ ਪਾਈਆਂ ਹਨ ਉਨ੍ਹਾਂ ਤੋਂ ਲੋਕ ਭਲੀ ਭਾਂਤ ਜਾਣੂ ਹਨ ਅਤੇ ਸੰਤ ਖ਼ਾਲਸਾ ਖ਼ਿਲਾਫ ਕੂੜ ਪ੍ਰਚਾਰ ਕਰਨ ਵਾਲੇ ਪਹਿਲਾਂ ਹੀ ਨਕਾਰੇ ਜਾ ਚੁੱਕੇ ਆਗੂਆਂ ਨੂੰ ਲੋਕ 18 ਸਤੰਬਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਪੀਪਲਜ਼ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਲੋਹਗੜ੍ਹ, ਸਾਬਕਾ ਚੇਅਰਮੈਨ ਸਿੰਗਾਰਾ ਸਿੰਘ ਸੇਖਾ, ਜਸਵੰਤ ਸਿੰਘ ਝਲੂਰ ਨੇ 18 ਸਤੰਬਰ ਵਾਲੇ ਦਿਨ ਇਕ ਇਕ ਕੀਮਤੀ ਵੋਟ ਸੰਤ ਖ਼ਾਲਸਾ ਦੇ ਹੱਕ ਵਿਚ ਭੁਗਤਾਉਣ ਦੀ ਅਪੀਲ ਕੀਤੀ। ਇਸ ਮੌਕੇ ਉਤਸ਼ਾਹਿਤ ਸਿੱਖ ਸੰਗਤਾਂ ਨੇ “ਕਲਗੀਧਰ ਦੇਆ ਬੱਬਰ ਸ਼ੇਰਾ, ਪੈਲ਼ਾਂ ਪਾਉਗਾ ਮੋਰ ਤੇਰਾ” ਦੇ ਅਕਾਸ਼ ਗੁੰਜਾਊ ਨਾਅਰੇ ਲਾਏ। ਇਸ ਮੌਕੇ ਜਥੇਦਾਰ ਮੁਖਤਿਆਰ ਸਿੰਘ ਛਾਪਾ, ਪੰਚ ਗੁਰਦੀਪ ਸਿੰਘ ਸੋਢਾ, ਦਰਸ਼ਨ ਸਿੰਘ ਗਾਂਧੀ, ਭਾਈ ਗੁਰਜੰਟ ਸਿੰਘ, ਪਿਰਥੀ ਸਿੰਘ ਛਾਪਾ, ਸੂਬੇਦਾਰ ਮੁਖਤਿਆਰ ਸਿੰਘ, ਗਿਆਨੀ ਜਰਨੈਲ ਸਿੰਘ ਮਹਿਲ ਖੁਰਦ, ਸਾਬਕਾ ਵਿਧਾਇਕ ਰਾਜ ਸਿੰਘ ਖੇੜੀ, ਗੋਰਾ ਸਿੰਘ ਰਾਏਸਰ, ਕਿਸਾਨ ਆਗੂ ਗੁਰਚਰਨ ਸਿੰਘ ਚੰਨਣਵਾਲ, ਪ੍ਰਧਾਨ ਅਮਨਦੀਪ ਸਿੰਘ ਵਿੱਕੀ, ਸਾਬਕਾ ਸਰਪੰਚ ਗੁਰਜੰਟ ਸਿੰਘ ਕੁਰੜ, ਬੰਤ ਸਿੰਘ ਮਾਂਗੇਵਾਲ, ਗੁਰਦੇਵ ਸਿੰਘ ਮਹਿਲ ਖੁਰਦ ਆਦਿ ਦੀ ਅਗਵਾਈ ਹੇਠ ਇਸ ਵਿਸ਼ਾਲ ਕਾਫ਼ਲੇ ਨੇ ਸੰਤ ਖ਼ਾਲਸਾ ਦੀ ਜਿੱਤ ਤੇ ਮੋਹਰ ਲਾ ਦਿੱਤੀ।
















Sunday, August 14, 2011

ਸੰਤ ਖਾਲਸਾ ਨੇ ਵੱਖ-ਵੱਖ ਪਿੰਡਾਂ ਵਿਚ ਕੀਤੀਆਂ ਸੰਪਰਕ ਮੀਟਿੰਗਾਂ

ਸੰਤ ਜਸਵੀਰ ਸਿੰਘ ਖਾਲਸਾ
ਪੱਤਰ ਪ੍ਰੇਰਕ
ਮਹਿਲ ਕਲਾਂ, 14 ਅਗਸਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਹਲਕਾ ਚੰਨਣਵਾਲ ਜਨਰਲ ਤੋਂ ਸਰਬ ਸਾਂਝੇ ਅਤੇ ਬੇਦਾਗ ਉਮੀਦਵਾਰ ਸੰਤ ਜਸਵੀਰ ਸਿੰਘ ਖਾਲਸਾ ਕਾਲਾਮਾਲਾ ਸਾਹਿਬ ਵਾਲਿਆਂ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਹਲਕੇ ਦੇ ਪਿੰਡਾਂ ਮਹਿਲ ਖੁਰਦ, ਛੀਨੀਵਾਲ ਕਲਾਂ, ਰਾਏਸਰ, ਠੀਕਰੀਵਾਲ, ਚੰਨਣਵਾਲ, ਕੈਰੇ, ਗੁਰਮ, ਗੁੰਮਟੀ ਆਦਿ ਦਰਜਨ ਵੱਖ-ਵੱਖ ਪਿੰਡਾਂ ਵਿਚ ਸੰਪਰਕ ਮੀਟਿੰਗਾਂ ਕਰਕੇ ਸਹਿਯੋਗ ਦੀ ਮੰਗ ਕੀਤੀ। ਸੰਤ ਖਾਲਸਾ ਨੇ ਕਿਹਾ ਕਿ ਹਲਕੇ ਦੀਆਂ ਸੰਗਤਾਂ ਵੱਲੋਂ ਬਖਸ਼ੀ ਗਈ ਸ਼ਕਤੀ ਦੁਆਰਾ ਉਨ੍ਹਾਂ ਕਿਸੇ ਪੱਖਪਾਤ ਤੋਂ ਬਿਨਾਂ ਹਲਕੇ ਦੇ ਸਮੂਹ ਗੁਰੂ ਘਰਾਂ ਨੂੰ ਫੰਡ ਜਾਰੀ ਕਰਨ ਤੇ ਧਰਮ ਪ੍ਰਚਾਰ ਤਹਿਤ ਧਾਰਮਿਕ ਲਾਇਬਰੇਰੀਆਂ ਖੋਲਣ, ਸਮਾਜ ਸੇਵਾ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਨ ਤੋਂ ਇਲਾਵਾ ਵਿਪਤਾ ਮਾਰੇ ਲੋਕਾਂ ਦੀ ਮਦਦ ਕਰਨ ਵੱਲ ਉਚੇਚੇ ਤੌਰ ਤੇ ਧਿਆਨ ਦਿੱਤਾ ਹੈ। ਉਨ੍ਹਾਂ ਦੇ ਉਦਮ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਕਰੋੜ ਰੁਪਏ ਦੀ ਲਾਗਤ ਨਾਲ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ੁਰੂ ਕੀਤੇ ਗਏ ਗੁਰਮਿਤ ਸੰਗੀਤ ਵਿਦਿਆਲੇ ਵਿਚੋਂ ਸਿੱਖਿਆ ਪ੍ਰਾਪਤ ਕਰਕੇ ਨੌਜਵਾਨ ਦੇਸਾਂ ਵਿਦੇਸ਼ਾਂ ਵਿਚ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਹਨ। ਸੰਤ ਖਾਲਸਾ ਨੇ ਕਿਹਾ ਕਿ ਉਹ ਪਿਛਲੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੇ ਬਲਬੂਤੇ ਤੇ ਸਮੂਹ ਸੰਗਤਾਂ ਵੱਲੋਂ ਮਿਲ ਰਹੇ ਮਾਣ ਸਤਿਕਾਰ ਸਦਕਾ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਜਥੇ. ਮਨਜੀਤ ਸਿੰਘ ਲੋਹਟਬੱਧੀ, ਮੈਂਬਰ ਪੰਚਾਇਤ ਸੰਮਤੀ ਦਰਸ਼ਨ ਸਿੰਘ ਛਾਪਾ, ਜਥੇ. ਮੁਖਤਿਆਰ ਸਿੰਘ ਦਿਓਲ, ਗਿਆਨੀ ਜਰਨੈਲ ਸਿੰਘ ਮਹਿਲ ਖੁਰਦ, ਗੁਰਦੇਵ ਸਿੰਘ ਖਾਲਸਾ, ਪ੍ਰਿਥੀ ਸਿੰਘ ਛਾਪਾ, ਪੰਚ ਬਲਦੇਵ ਸਿੰਘ ਛਾਪਾ, ਸੁਸਾਇਟੀ ਪ੍ਰਧਾਨ ਕੌਰ ਸਿੰਘ ਹਮੀਦੀ, ਚੇਅਰਮੈਨ ਸ਼ਿੰਗਾਰਾ ਸਿੰਘ ਸੇਖਾ, ਜਸਵੰਤ ਸਿੰਘ ਝਲੂਰ, ਜਸਪਾਲ ਸਿੰਘ, ਹਰਭਜਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਿਰ ਸਨ।

Friday, August 12, 2011

ਬੀਬੀ ਕਿਰਨਜੀਤ ਕੌਰ ਦੀ ਬਰਸੀ ਮਨਾਈ

*ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਸਰਧਾਂਜਲੀ ਭੇਂਟ ਕੀਤੀ।
ਬੀਬੀ ਕਿਰਨਜੀਤ ਕੌਰ ਨੂੰ ਸਰਧਾਂਜਲੀ ਭੇਂਟ ਕਰਦੇ ਵੱਖ-ਵੱਖ ਆਗੂ। (ਹੇਠਾਂ) ਲੋਕਾਂ ਦਾ ਵਿਸ਼ਾਲ ਇਕੱਠ।

ਪੱਤਰ ਪ੍ਰੇਰਕ
ਮਹਿਕ ਕਲਾਂ 12 ਅਗਸਤ
ਦਾਣਾ ਮੰਡੀ ਮਹਿਲ ਕਲਾਂ ਵਿਖੇ ਬੀਬੀ ਕਿਰਨਜੀਤ ਕੌਰ ਦੀ ਬਰਸੀ ਮਨਾਈ ਗਈ। ਇਸ ਮੌਕੇ ਪੰਜਾਬ ਭਰ ਤੋਂ ਆਏ ਵੱਡੀ ਗਿਣਤੀ ਵਿਚ ਜੁਝਾਰੂ ਲੋਕਾਂ ਨੇ ਬੀਬੀ ਕਿਰਨਜੀਤ ਕੌਰ ਨੂੰ ਸਰਧਾਂਜਲੀ ਭੇਂਟ ਕੀਤੀ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅੱਜ ਦੇ ਹਾਕਮ ਕਿਸਾਨ ਮਜ਼ਦੂਰਾਂ ਦੀਆ ਜ਼ਮੀਨਾਂ ਜਬਰੀ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੇ ਹਨ ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਮੂਹ ਜਥੇਬੰਦੀਆਂ ਦੇ ਏਕੇ ਨੂੰ ਇਸ ਖ਼ਿਲਾਫ਼ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੀ. ਪੀ. ਆਈ ਆਗੂ ਨਿਰਮਲ ਸਿੰਘ ਧਾਲੀਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਸਕੱਤਰ ਹਰਚਰਨ ਸਿੰਘ ਚੰਨਾ, ਅਧਿਆਪਕ ਦਲ ਪੰਜਾਬ ਦੇ ਜਰਨੈਲ ਸਿੰਘ ਚੰਨਣਵਾਲ ਨੇ ਕਿਹਾ ਕਿ ਮਿਹਨਤੀ ਲੋਕਾਂ ਨੂੰ ਹਮੇਸ਼ਾਂ ਹੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦੇ ਰਾਹ ਚੱਲਣਾ ਪੈਂਦਾ ਹੈ ਅਤੇ ਔਰਤ ਮੁੱਕਤੀ ਲਈ ਸੰਘਰਸ਼ ਦਾ ਪ੍ਰਤੀਕ ਬਣੀ ਬੀਬੀ ਕਿਰਨਜੀਤ ਕੌਰ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੇ ਸੂਬਾਈ ਆਗੂ ਕੁਲਵੰਤ ਰਾਏ, ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਗੁਰਦੀਪ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ ਨੇ ਔਰਤਾਂ ਉਪਰ ਦਿਨੋਂ ਦਿਨ ਵਧ ਰਹੇ ਜ਼ਬਰ ਦੇ ਅਤੇ ਨਿੱਜੀਕਰਨ ਖ਼ਿਲਾਫ ਸੰਘਰਸ਼ ਹੋਰ ਤੇਜ਼ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਐਕਸ਼ਨ ਕਮੇਟੀ ਦੇ ਮਰਹੂਮ ਕਨਵੀਨਰ ਭਰਵੰਤ ਸਿੰਘ ਦੀ ਜੀਵਨ ਸਾਥਣ ਪ੍ਰੇਮਪਾਲ ਕੌਰ ਨੇ ਅੱਧੇ ਸੰਸਾਰ ਦੀਆਂ ਮਾਲਕ ਔਰਤਾਂ ਨੂੰ ਘਰਾਂ ਦੀ ਚਾਰਦਿਵਾਰੀ 'ਚੋਂ ਬਾਹਰ ਨਿੱਕਲਕੇ ਹੱਕੀ ਮੰਗਾਂ ਦੀ ਪ੍ਰਾਪਤੀ ਅਤੇ ਹੋ ਰਹੇ ਅੱਤਿਆਚਾਰ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਆ। ਐਕਸ਼ਨ ਕਮੇਟੀ ਦੇ ਮਾਸਟਰ ਪ੍ਰੇਮ ਕੁਮਾਰ ਨੇ ਲਗਾਤਾਰ 14 ਸਾਲ ਤੋਂ ਚੱਲ ਰਹੇ ਸੰਘਰਸ਼ ਦੀਆਂ ਸ਼ਾਨਾਂਮੱਤੀਆਂ ਪ੍ਰਾਪਤੀਆਂ ਅਤੇ ਚਣੌਤੀਆਂ ਬਾਰੇ ਚਰਚਾ ਕੀਤੀ। ਲੋਕ ਆਗੂ ਮਨਜੀਤ ਸਿੰਘ ਧਨੇਰ ਨੇ ਜਿਸ ਤਰ੍ਹਾਂ ਲੋਕ ਤਾਕਤ ਨੇ ਚੱਲ ਰਹੇ ਸੰਘਰਸ਼ ਵਿਚ ਪੂਰੀ ਤਨਦੇਹੀ ਨਾਲ ਸਾਥ ਦਿੱਤਾ ਹੈ। ਉਸੇ ਤਰ੍ਹਾਂ ਅਸੀਂ ਲੋਕਾਂ ਨੂੰ ਵਿਸਵਾਸ਼ ਦੁਆਉਂਦੇ ਹਾਂ ਕਿ ਆਖ਼ਰੀ ਦਮ ਤੱਕ ਅਸੀਂ ਹੱਕ ਸੱਚ ਦੀ ਰਾਖੀ ਲਈ ਪਰਿਵਾਰਾਂ ਸਮੇਤ ਹਰ ਤਰ੍ਹਾਂ ਦੀ ਕੁਰਬਾਨੀ ਦੇਵਾਂਗੇ। ਇਸ ਮੌਕੇ ਜੁੜੇ ਲੋਕਾਂ ਦੇ ਵਿਸ਼ਾਲ ਇਕੱਠ ਨੇ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਤੁਰੰਤ ਰੱਦ ਕਰਨ, ਔਰਤਾਂ ਉਪਰ ਵਧ ਰਹੇ ਜ਼ਬਰ ਜੁਲਮ ਨੂੰ ਰੋਕਣ, ਅਸ਼ਲੀਲ ਸੱਭਿਆਚਾਰ ਉਪਰ ਪਾਬੰਦੀ ਲਾਉਣ, ਗੋਬਿੰਦਪੁਰਾ ਪਿੰਡ ਦੀ ਪੁਲਿਸ ਵੱਲੋਂ ਕੀਤੀ ਗਈ ਘੇਰਾਬੰਦੀ ਖਤਮ ਕਰਨ, ਹੱਕ ਮੰਗਦੇ ਕਿਸਾਨ ਮਜ਼ਦੂਰਾਂ ਉਪਰ ਦਰਜ ਕੀਤੇ ਝੂਠੇ ਮੁਕੱਦਮਿਆਂ ਨੂੰ ਰੱਦ ਕਰਨ, ਕਿਸਾਨਾਂ ਦੀਆਂ ਜ਼ਮੀਨਾਂ ਜਬਰੀ ਐਕਵਾਇਰ ਕੀਤੀਆਂ ਜ਼ਮੀਨਾਂ ਨੂੰ ਤੁਰੰਤ ਵਾਪਸ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ। ਇਸ ਮੌਕੇ ਜਿੱਥੇ ਲੋਕ ਪੱਖੀ ਗਾਇਕ ਅਜਮੇਰ ਅਕਲੀਆ, ਜਗਦੇਵ ਭੁਪਾਲ, ਲੋਕ ਸੰਗੀਤ ਮੰਡਲੀ ਧੌਲਾ ਤੇ ਭਦੌੜ ਦੇ ਕਲਾਕਾਰਾਂ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ ਉਥੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤੀਆਂ ਕੋਰੀਓਗ੍ਰਾਫੀਆਂ ਤੇ ਨਾਟਕ 'ਖੂਨੀ ਵਿਸਾਖੀ ਨੇ ਆਹਿਮ ਪ੍ਰਭਾਵ ਛੱਡਿਆ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੀਨੀਵਾਲ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਸੇਖਾ ਅਤੇ ਸਰਕਾਰੀ ਹਾਈ ਸਕੂਲ ਕਲਾਲ ਮਾਜਰਾ ਦੇ ਵਿਦਿਆਰੀਆਂ ਵੱਲੋਂ ਵੀ ਪ੍ਰਭਾਵਸ਼ਾਲੀ ਪ੍ਰੋਗਰਾਮ ਪੇਸ਼ ਕੀਤਾ ਗਿਆ। ਅਖ਼ੀਰ ਵਿਚ ਸੀ. ਪੀ. ਆਈ. ਆਗੂ ਪ੍ਰੀਤਮ ਸਿੰਘ ਦਰਦੀ ਨੇ 14 ਸਾਲ ਤੋਂ ਲਗਾਤਾਰ ਸਹਿਯੋਗ ਦੇ ਰਹੇ ਮਿਹਨਤਕਸ਼ ਲੋਕਾਂ ਅਤੇ ਮੀਡੀਏ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ। ਸਮਾਗਮ ਦੀ ਸਫ਼ਲਤਾ ਲਈ  ਮਾਸਟਰ ਦਰਸ਼ਨ ਸਿੰਘ ਮਹਿਲ ਕਲਾਂ, ਕਨਵੀਨਰ ਗੁਰਵਿੰਦਰ ਸਿੰਘ ਕਲਾਲਾ, ਭਾਰਤੀ ਕਿਸਾਨ ਯੂਨੀਅਨ ਦੇ ਮਲਕੀਤ ਸਿੰਘ ਈਨਾ, ਜਰਨੈਲ ਸਿੰਘ, ਨਰਾਇਣ ਦੱਤ, ਸੁਰਿੰਦਰ ਕੌਰ ਢੁੱਡੀਕੇ ਨੇ ਅਹਿਮ ਯੋਗਦਾਨ ਦਿੱਤਾ।

ਵੱਡੀ ਗਿਣਤੀ ਵਿਚ ਸੰਗਤਾਂ ਵੱਲੋਂ ਸੰਤ ਖਾਲਸਾ ਦੀ ਹਮਾਇਤ ਦਾ ਐਲਾਨ (Sant Jasvir Singh Khalsa Kalamala Sahib)


ਸੰਤ ਜਸਵੀਰ ਸਿੰਘ ਖਾਲਸਾ ਨੂੰ ਹੱਥ ਖੜ੍ਹੇ ਕਰਕੇ ਹਮਾਇਤ ਦਾ ਐਲਾਨ ਕਰਦੇ ਹੋਏ ਵੱਡੀ ਗਿਣਤੀ ਵਿਚ ਸੰਗਤਾਂ ਦਾ ਇਕੱਠ।


ਪੱਤਰ ਪ੍ਰੇਰਕ
ਮਹਿਲ ਕਲਾਂ 11 ਅਗਸਤ
ਸ਼੍ਰੋਮਣੀ ਕਮੇਟੀ ਹਲਕਾ ਚੰਨਣਵਾਲ ਜਨਰਲ ਤੋਂ ਹਲਕੇ ਦੀਆਂ ਸਮੂਹ ਸੰਗਤਾਂ ਧਾਰਮਿਕ ਸੰਸਥਾਵਾਂ, ਯੂਥ ਕਲੱਬਾਂ ਦੀ ਹਮਾਇਤ ਨਾਲ ਚੋਣ ਮੈਦਾਨ ਵਿਚ ਉਤਰੇ ਸੰਤ ਜਸਵੀਰ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ ਅੱਜ ਸੰਗਤਾਂ ਦੇ ਵੱਡੇ ਕਾਫ਼ਲੇ ਸਮੇਤ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕਰਨ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਕਾਲਾਮਾਲਾ ਸਾਹਿਬ ਵਿਖੇ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਇਕੱਤਰ ਹੋਈ ਸੰਗਤ ਨੇ ਸੰਤ ਖਾਲਸਾ ਦੀ ਸਫ਼ਲਤਾ ਲਈ ਅਰਦਾਸ ਕਰਨ ਸੁਪਰੰਤ ਜੈਕਾਰਿਆਂ ਦੀ ਗੂੰਜ ਵਿਚ ਹੱਥ ਖੜ੍ਹੇ ਕਰਕੇ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ। ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੰਤ ਜਸਵੀਰ ਸਿੰਘ ਖਾਲਸਾ ਨੇ ਕਿਹਾ ਉਨ੍ਹਾਂ ਸੰਗਤਾਂ ਵੱਲੋਂ ਦਿੱਤੀ ਚਿੱਟੀ ਨੂੰ ਦਾਗ ਨਹੀਂ ਲੱਗਣ ਦਿੱਤਾ ਆਪਣੇ ਕਾਰਜਕਾਲ ਦੌਰਾਨ ਬਿਨ੍ਹਾਂ ਕਿਸੇ ਵਿਤਕਰੇ ਤੋਂ ਗੁਰੂ ਘਰਾਂ ਦੀ ਕਾਰਸੇਵਾ ਲਈ ਫੰਡ ਦੇਣ ਧਾਰਮਿਕ ਲਾਇਬਰੇਰੀਆਂ ਸ਼ੁਰੂ ਕਰਨ ਹਰ ਪਿੰਡਵਿਚ ਲੋੜਵੰਦ ਪਰਿਵਾਰਾਂ ਨੂੰ ਪੀਣ ਵਾਲੇ ਪਾਣ ਦੀ ਸਹੂਲਤ ਦੇਣ ਲਈ ਸੰਮਬਰਸੀਬਲ ਮੋਟਰਾਂ ਲਗਾਉਣ ਵੱਲ ਵਿਸ਼ੇਸ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੇ ਬਲਬੂਤੇ ਹੀ ਸੰਗਤਾਂ ਤੋਂ ਵਧੇਰੇ ਸਹਿਯੋਗ ਹਾਸਲ ਕਰਨਗੇ। ਜਥੇ. ਮਨਜੀਤ ਸਿੰਘ ਬਿੱਲੂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਲੇ ਦਿਨਾਂ ਦੌਰਾਨ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਹਰ ਪਿੰਡ ਵਿਚ ਘਰ ਘਰ ਜਾ ਕੇ ਸਹਿਯੋਗ ਦੀ ਮੰਗ ਕੀਤੀ ਜਾਵੇਗੀ। ਮੈਂਬਰ ਬਲਾਕ ਸੰਮਤੀ ਦਰਸ਼ਨ ਸਿੰਘ ਛਾਪਾ ਤੇ ਹਰਜੀਤ ਸਿੰਘ ਠੀਕਰੀਵਾਲਾ, ਯੂਥ ਅਕਾਲੀ ਆਗੂ ਪੰਚ ਗੁਰਦੀਪ ਸਿੰਘ ਸੋਢਾ, ਜਥੇ. ਮੁਖਤਿਆਰ ਸਿੰਘ ਛਾਪਾ, ਸੁਸਾਇਟੀ ਪ੍ਰਧਾਨ ਕੌਰ ਸਿੰਘ ਹਮੀਦੀ, ਚੇਅਰਮੈਨ ਸਿੰਗਾਰਾ ਸਿੰਘ ਸੇਖਾ, ਜਸਵੰਤ ਸਿੰਘ ਜਲੂਰ ਆਦਿ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਸੰਤ ਖ਼ਾਲਸਾ ਨੂੰ ਸ਼ਾਨ ਨਾਲ ਜਿੱਤਾਉਣ ਦਾ ਐਲਾਨ ਕੀਤਾ।

Friday, April 15, 2011

ਮਹਿਲ ਕਲਾਂ ਵਿਸ਼ੇਸ ਸਪਲੀਮੈਂਟ

ਰੋਜ਼ਾਨਾ ਅਜੀਤ(16/04/2010)ਵਿਚ ਮਹਿਲ ਕਲਾਂ ਵਿਸ਼ੇਸ
ਸਪਲੀਮੈਂਟ by ਅਵਤਾਰ ਸਿੰਘ ਅਣਖੀ 
( Mehal Kalan Supliment in Daily Ajit (16/04/2010) by Avtar Singh Ankhi)

PAGE 1

Click on Page To Enlarge View
Download pdf. Click This Link

http://www.sendspace.com/file/4dub7l


PAGE 2
Click on Page To Enlarge View
Download pdf. Click This Link
 http://www.sendspace.com/file/pxaouc
--------------------------------     

-ਗੁਰਪ੍ਰੀਤ ਸਿੰਘ ਅਣਖੀ
ਮਹਿਲ ਕਲਾਂ (ਬਰਨਾਲਾ)। 
Cell. +91 99145 65135
gurpreetankhi@gmail.com
http://www.facebook.com/gurpreetsinghankh







Wednesday, March 23, 2011

ਯਾਰ ਅਣਮੁੱਲੇ ਨਾਲ ਚਰਚਿਤ ਨੌਜਵਾਨ ਲੇਖਕ ਅਕਾਸ਼ਦੀਪ ਸਿੰਘ ਉਰਫ਼ ਬੱਬੂ ( Babbu Yaar Anmulle )


ਅੱਜਕਲ੍ਹ ਇਕ ਪੰਜਾਬੀ ਗੀਤ 'ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁਲ੍ਹੇ' ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਨੌਜਵਾਨ ਲੇਖਕ ਅਕਾਸ਼ਦੀਪ ਸਿੰਘ ਉਰਫ਼ ਬੱਬੂ ਦੁਆਰਾ ਲਿਖੇ ਅਤੇ ਸ਼ੈਰੀ ਮਾਨ ਦੁਆਰਾ ਗਾਏ ਇਸ ਗੀਤ ਨੇ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ ਹੈ। 21 ਸਾਲਾ ਬੇਹੱਦ ਮਿੱਠਬੋਲੜੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਬੱਬੂ ਦਾ ਜਨਮ ਜ਼ਿਲ੍ਹਾ ਮੋਹਾਲੀ ਸ਼ਹਿਰ ਕੁਰਾਲੀ ਵਿਖੇ ਮਾਤਾ ਨਰਵਿੰਦਰ ਕੌਰ ਦੀ ਕੁੱਖੋਂ ਪਿਤਾ ਅਮਰਜੀਤ ਸਿੰਘ ਦੇ ਘਰ 14 ਦਸੰਬਰ 1989 'ਚ ਹੋਇਆ। ਅੱਜਕਲ੍ਹ ਉਹ ਚੰਡੀਗੜ੍ਹ ਬੀ-ਟੈਕ ਦਾ ਵਿਦਿਆਰਥੀ ਹੈ। ਬੱਬੂ ਅਨੁਸਾਰ ਉਸਨੇ 17 ਕੁ ਸਾਲ ਦੀ ਉਮਰ ਵਿਚ ਲਿਖਣਾਂ ਸੁਰੂ ਕੀਤਾ ਅਤੇ ਹੁਣ ਤੱਕ ਚਾਰ ਸੌ ਦੇ ਕਰੀਬ ਗੀਤ ਲਿਖ ਚੁੱਕਾ ਹੈ, ਜਿਨ੍ਹਾਂ ਵਿਚੋਂ ਉਸਨੂੰ ਕਾਮਯਾਬੀ ਦਿਵਾਉਂਣ ਵਾਲਾ ਗੀਤ 'ਯਾਰ ਅਣਮੁੱਲੇ' ਵੀ ਇਕ ਹੈ ਜਿਸਨੂੰ ਸ਼ੈਰੀ ਮਾਨ ਦੀ ਸੁਰੀਲੀ ਅਵਾਜ਼ ਅਤੇ ਸਰਵਪ੍ਰੀਤ ਸਿੰਘ ਧੰਮੂ ਉਰਫ ਨਿੱਕ ਕੈਨੇਡਾ ਨੇ ਬਹੁਤ ਜੀ ਖ਼ੂਬਸੂਰਤ ਸੰਗੀਤ ਨਾਲ ਸ਼ਿੰਗਾਰਿਆ। ਯਾਰ ਅਣਮੁੱਲੇ ਗੀਤ ਕਾਲਜ਼ ਦੀ ਮੌਜ ਮਸਤ ਰੂਪੀ ਜ਼ਿੰਦਗੀ ਦਾ ਅਕਸ ਇਕ ਵਿਲੱਖਣ ਰੂਪ ਵਿਚ ਪੇਸ਼ ਕਰਦਿਆਂ ਆਪਣੇ ਦੋਸਤਾਂ ਨੂੰ ਗੀਤ ਦੇ ਪਾਤਰਾਂ ਦੇ ਰੂਪ ਬੜੇ ਖੁਬਸੂਰਤ ਢੰਗ ਨਾਲ ਚਿੱਤਰਿਆ ਹੈ ਅਤੇ ਇਹੀ ਕਾਰਨ ਹੈ ਕਿ ਨੌਜਵਾਨਾਂ ਨੇ ਇਸਨੂੰ ਪਸੰਦ ਕੀਤਾ 'ਤੇ ਹਰੇਕ ਨੌਜਵਾਨ ਇਨ੍ਹਾਂ ਵਿਚੋਂ ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਅਜੇ ਇਸ ਗੀਤ ਨੂੰ ਕਿਸੇ ਵੀ ਕੰਪਨੀ ਦੁਆਰਾ ਮਾਰਕੀਟ ਵਿਚ ਰਿਲੀਜ਼ ਨਹੀਂ ਕੀਤਾ ਗਿਆ ਸੀ ਕਿ ਵੈਬ ਸਾਈਟ ਯੂ ਟਿਊਬ ਡਾਟ ਕਾਮ ਉੱਤੇ ਜਦੋਂ ਬੱਬੂ, ਸ਼ੈਰੀ ਅਤੇ ਨਿੱਕ ਦੀ ਤਿਕੜੀ ਨੇ ਜਦੋਂ ਸ੍ਰੋਤਿਆਂ ਦੇ ਰੂ-ਬ-ਰੂ ਕੀਤਾ ਤਾਂ ਦੇਖਿਆਂ ਹੀ ਦੇਖਦਿਆ ਇਸਨੂੰ ਚਾਹੁੰਣ ਵਾਲਿਆਂ ਦੀ ਗਿਣਤੀ ਤਿੰਨ ਹਫ਼ਤਿਆਂ ਵਿਚ ਚਾਰ ਲੱਖ ਤੱਕ ਪਹੁੰਚ ਗਈ ਅਤੇ ਹੁਣ ਇਸ ਨੂੰ ਬਕਾਇਦਾ ਐਲਬਮ ਦੇ ਰੂਪ ਵਿਚ ਸਪੀਡ ਰਿਕਾਰਡਜ਼ ਵੱਲੋਂ ਮਾਰਕੀਟ ਵਿਚ ਪੇਸ਼ ਕੀਤਾ ਗਿਆ ਹੈ। ਬੱਬੂ ਨੂੰ ਉਰਦੂ ਅਤੇ ਪੰਜਾਬੀ ਸ਼ਾਇਰੀ ਪੜ੍ਹਨਾ ਬਹੁਤ ਪਸੰਦ ਹੈ, ਪਾਕਿਸਤਾਨੀ ਉਰਦੂ ਸ਼ਾਇਰ ਅਹਿਮਦ ਫਰਾਜ਼, ਗੁਰਦਾਸ ਮਾਨ, ਡਾ. ਸਤਿੰਦਰ ਸਰਤਾਜ, ਦੇਬੀ ਮਖ਼ਸੂਸਪੁਰੀ ਦੀ ਲੇਖਣੀ ਅਤੇ ਗਾਇਕੀ ਤੋਂ ਬਹੁਤ ਪ੍ਰਭਾਵਿਤ ਹੈ। ਉਹ ਅਕਸਰ ਹੀ ਆਪਣੀ ਲੇਖਣੀ ਬਾਰੇ ਸ਼ਾਇਰਾਨਾ ਅੰਦਾਜ਼ ਵਿਚ ਆਖਦਾ ਹੈ:
ਸੱਚੀਆਂ ਗੱਲਾਂ ਲਿਖੀਏ ਤਾਂ ਹੀ ਲੋਕ ਸਲਾਹੁਵਣਗੇ,
ਨਹੀਂ ਤਾਂ 'ਬੱਬੂ' ਤੇਰੇ ਵਰਗੇ ਐਥੇ ਕਿੰਨੇ ਹੀ ਆਵਣਗੇ।
ਗੀਤ 'ਯਾਰ ਅਣਮੁਲੇ' ਨੂੰ ਮਿਲੇ ਅਥਾਹ ਪਿਆਰ ਸਦਕਾ ਉਸਦੇ ਆਤਮ ਵਿਸ਼ਵਾਸ ਵਿਚ ਵਾਧਾ ਹੋਇਆ, ਉਹ ਅੱਜਕਲ੍ਹ ਗਾਉਣ ਦੀ ਬਕਾਇਦਾ ਤਾਲੀਮ ਹਾਸਲ ਕਰ ਰਿਹਾ ਹੈ ਅਤੇ ਜਲਦ ਦੀ ਆਪਣੇ ਦੁਆਰਾ ਲਿਖੇ ਗੀਤ ਨੂੰ ਆਪਣੀ ਆਵਾਜ਼ ਦੇ ਕੇ ਸ੍ਰੋਤਿਆਂ ਦੀ ਝੋਲੀ ਪਾਵੇਗਾ। ਪੰਜਾਬੀ ਸੰਗੀਤ ਜਗਤ ਵਿਚ ਬਹੁਤ ਕੁਝ ਨਵਾਂ ਕਰ ਦਿਖਾਉਂਣ ਦੇ ਸੁਪਨੇ ਵੇਖ ਰਹੇ ਇਸ ਪਰਿਤਭਾਸ਼ਾਲੀ ਨੌਜਵਾਨ ਲੇਖਕ ਬੱਬੂ ਤੋਂ ਜਿਥੇ ਸਮੂਹ ਪੰਜਾਬੀ ਸ੍ਰੋਤਿਆਂ ਨੂੰ ਬਹੁਤ ਆਸਾਂ ਹਨ ਉਥੇ ਅਸੀਂ ਵੀ ਇਸਦੇ ਸਭ ਸੁਪਨੇ ਸਾਕਾਰ ਹੋਣ ਦੀ ਦੁਆ ਕਰਦੇ ਹਾਂ।







-ਗੁਰਪ੍ਰੀਤ ਸਿੰਘ ਅਣਖੀ
ਮਹਿਲ ਕਲਾਂ (ਬਰਨਾਲਾ)।
Cell. +91 99145 65135
gurpreetankhi@gmail.com
http://www.facebook.com/gurpreetsinghankhi
 23 ਮਾਰਚ 2011 ਦੇ ਰੋਜ਼ਾਨਾ ਅਜੀਤ ਵਿਚ ਛਪਿਆ ਇਹ ਆਰਟੀਕਲ।

Tuesday, March 8, 2011

"ਦੀ ਟੇਕਓਵਾ" ਨਾਲ ਚਰਚਿੱਤ ਨੌਜਵਾਨ ਪੰਜਾਬੀ ਗਾਇਕ ਗੁਰਜੀਤ ਰਾਹਲ - Singer Gurjit Rahal




ਗਾਇਕ ਗੁਰਜੀਤ ਰਾਹਲ - Singer Gurjit Rahal
ਪੰਜਾਬੀ ਸੰਗੀਤ ਜਗਤ ਵਿਚ ਪਲੇਠੀ ਐਲਬਮ 'ਪੀਘਾਂ ਪਿਆਰ ਦੀਆਂ' ਰਾਹੀਂ ਆਪਣੀ ਗਾਇਕੀ ਦਾ ਲੋਹਾ ਮੰਨਵਾ ਚੁੱਕਿਆ ਨੌਜਵਾਨ ਪੰਜਾਬੀ ਗਾਇਕ ਗੁਰਜੀਤ ਰਾਹਲ ਇਕ ਵਾਰ ਫੇਰ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਿਊਜ਼ਿਕ ਬੈਂਡ ਆਰ. ਡੀ. ਬੀ. ਨਾਲ ਆਪਣੀ ਨਵੀਂ ਸੋਲੋ ਪੰਜਾਬੀ ਐਲਬਮ 'ਦੀ ਟੇਕਓਵਾ' ਨੂੰ ਲੈ ਕੇ ਚਰਚਾ ਵਿਚ ਹੈ ਗੁਰਜੀਤ ਅੱਜ ਕੈਨੇਡਾ ਦੇ ਘੁੱਗ ਵਸਦੇ ਸ਼ਹਿਰ ਟਰਾਂਟੋ ਦਾ ਵਸਨੀਕ ਹੈ ਪਰ ਇਸ ਪੰਜਾਬੀ ਗਾਇਕ ਦਾ ਪਿਛੋਕੜ ਮਾਲਵਾ ਖੇਤਰ ਵਿਚ ਪੈਂਦੇ ਕਸਬਾ ਮਹਿਲ ਕਲਾਂ (ਬਰਨਾਲਾ) ਨਾਲ ਸੰਬੰਧਿਤ ਹੈ। ਪਿਤਾ ਸ: ਸਾਧੂ ਸਿੰਘ ਰਾਹਲ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਜਨਮੇ ਇਸ ਪੰਜਾਬੀ ਗਾਇਕ ਗੁਰਜੀਤ ਰਾਹਲ ਦੇ ਮਨ ਵਿਚ ਬਚਪਨ ਤੋਂ ਹੀ ਗਾਇਕ ਬਨਣ ਦਾ ਸੁਪਨਾ ਪਣਪ ਰਿਹਾ ਸੀ ਅਤੇ ਉਹ ਇਹੀ ਸੁਪਨਾ ਲੈ ਕੇ 14 ਸਾਲ ਦੀ ਉਮਰ ਵਿਚ ਕੈਨੇਡਾ ਚਲਾ ਗਿਆ, ਜਿਥੇ ਉਸ ਨੇ ਉਸਤਾਦ ਮਹੇਸ਼ ਮਲਵਾਨੀ ਕੋਲ 4-5 ਸਾਲ ਸਖ਼ਤ ਮਿਹਨਤ ਮੁਸ਼ੱਕਤ ਨਾਲ ਸੰਗੀਤ ਦੀਆਂ ਬਾਰੀਕੀਆਂ ਬਾਰੇ ਤਾਲੀਮ ਹਾਸਲ ਕੀਤੀ। ਅੰਤ ਗੁਰਜੀਤ ਦੀ ਪਹਿਲੀ ਐਲਬਮ ਪ੍ਰਸਿੱਧ ਸੰਗੀਤਕਾਰ ਸੁਖਪਾਲ ਸੁੱਖ ਦੇ ਸੰਗੀਤ ਵਿਚ ਗੀਤਕਾਰ ਮਨਪ੍ਰੀਤ ਟਿਵਾਣਾ ਦੁਆਰਾ ਲਿਖੇ ਗੀਤਾਂ ਨੂੰ ਭਾਰਤੀ ਵਿਸ਼ਵ ਪ੍ਰਸਿੱਧ ਕੈਸੇਟ ਕੰਪਨੀ ਯੂਨੀਵਰਸਲ ਦੁਆਰਾ ਮਾਰਕੀਟ ਵਿਚ ਉਤਾਰਿਆ ਗਿਆ, ਜਿਸ ਨੂੰ ਪੰਜਾਬੀ ਸਰੋਤਿਆਂ ਨੇ ਗੁਰਜੀਤ ਦੀ ਸਖ਼ਤ ਮਿਹਨਤ ਦਾ ਮੁੱਲ ਪਾਉਂਦੇ ਹੋਏ, ਰੱਜਵਾਂ ਪਿਆਰ ਦੇ ਕੇ ਨਿਵਾਜਿਆ ਅਤੇ ਉਸ ਦੀ ਅਹਿਮ ਪਹਿਚਾਣ ਬਣਾਈ। ਭਾਵੇਂ ਗੁਰਜੀਤ ਅੱਜਕਲ੍ਹ ਟੋਰਾਂਟੋ ਦਾ ਵਸਨੀਕ ਹੈ ਪਰ ਉਸ ਨੇ ਕਦੇ ਆਪਣੇ ਪਿਛੋਕੜ ਤੇ ਅਮੀਰ ਪੰਜਾਬੀ ਵਿਰਸੇ ਨੂੰ ਮਨੋ ਨਹੀਂ ਵਿਸਾਰਿਆ ਅਤੇ ਉਸ ਦੇ ਹਿਰਦੇ ਅੰਦਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਮੋਹ ਠਾਠਾਂ ਮਾਰ ਰਿਹਾ ਹੈ। ਇਹੀ ਕਾਰਨ ਹੈ ਕਿ ਉਹ ਵਿਦੇਸ਼ ਵਿਚ ਰਹਿ ਕੇ ਵੀ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰ ਰਿਹਾ ਹੈ। ਹਮੇਸ਼ਾ ਮਨ ਵਿਚ ਕੁਝ ਵੱਖਰਾ ਕਰਨ ਦਾ ਚਾਹਵਾਨ ਹਰਮਨ-ਪਿਆਰੇ ਪੰਜਾਬੀ ਗਾਇਕ ਨੇ ਆਪਣੀ ਦੂਸਰੀ ਪੰਜਾਬੀ ਸੋਲੋ ਐਲਬਮ 'ਦੀ ਟੇਕਓਵਾ' ਸਰੋਤਿਆਂ ਦੀ ਝੋਲੀ ਪਾਈ ਹੈ। ਇਸ ਐਲਬਮ ਵਿਚ ਹਰ ਵਰਗ ਦੇ ਸਰੋਤਿਆਂ ਦੀ ਨਬਜ਼ ਨੂੰ ਪਹਿਚਾਣਦੇ ਹੋਏ ਕੁੱਲ 12 ਗੀਤ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਛੇ ਗੀਤ "ਐਸ਼ ਕਰੋਗੀ", "ਜਿੰਦ ਜਾਨ", "ਬੋਤਲਾਂ ਦੇ ਡੱਟ", "ਸੋਹਣਿਆ ਵੇ ਆਜਾ", "ਲਇਸੰਸ" ਅਤੇ "ਬੋਲ ਮਿੱਤਰਾ" ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ, ਦੋ ਗੀਤ "ਭਰਾਵਾਂ" 'ਤੇ "ਗਲਾਸ" ਗੁਰਮਿੰਦਰ ਮੱਦੋਕੇ, ਦੋ ਗੀਤ "ਪੰਜਾਬੀ" ਅਤੇ "ਬਾਜ਼ਾਂ ਵਾਲੇ" ਗੈਰੀ ਟਰਾਂਟੋ, ਇਕ ਗੀਤ "ਹਰੇਕ ਬੰਦਾ" ਰਾਜਾ ਰਾਹਲ ਅਤੇ ਇਕ ਗੀਤ "ਖੁਸ਼ੀਆਂ" ਅਲੀ ਫਤਿਹਗੜ੍ਹ ਜੱਟਾਂ ਨੇ ਆਪਣੀ ਕਲਮ ਦੁਆਰਾ ਬੜੇ ਖੂਬਸੂਰਤ ਢੰਗ ਨਾਲ ਲਿਖੇ ਹਨ। ਇਸ ਦੇ ਸਾਰੇ ਗੀਤਾਂ ਦਾ ਸੰਗੀਤ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਆਰ. ਡੀ. ਬੀ. ਮਿਊਜ਼ਿਕ ਬੈਂਡ ਵੱਲੋਂ ਬੜੇ ਹੀ ਨਿਵੇਕਲੇ ਢੰਗ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਯੂਨੀਵਰਸਲ ਵੱਲੋਂ ਦੁਨੀਆ ਪੱਧਰ 'ਤੇ ਰਿਲੀਜ਼ ਕੀਤਾ ਹੈ। 
'ਐਸ਼ ਕਰੋਗੀ' ਦੇ ਵੀਡੀਓ ਫਿਲਮਾਂਕਣ ਦੌਰਾਨ ਗੁਰਜੀਤ ਰਾਹਲ ਅਤੇ ਆਰ. ਡੀ. ਬੀ.।  

ਐਲਬਮ ਦੇ ਇਕ ਗੀਤ 'ਐਸ਼ ਕਰੋਗੀ' ਦਾ ਵੀਡੀਓ ਕੈਲੇਫੋਰਨੀਆ ਅਤੇ ਸਨਫ੍ਰਾਂਸਿਸਕੋ ਵਿਚ ਨਾਮਵਰ ਵੀਡੀਓ ਡਾਇਰੈਕਟਰ ਨੀਲ ਦਿਓ ਦੀ ਡਾਇਰੈਕਸ਼ਨ ਹੇਠ ਫ਼ਿਲਮਾਇਆ ਗਿਆ ਹੈ, ਜੋ ਵੱਖ-ਵੱਖ ਚੈਨਲਾਂ 'ਤੇ ਸਫਲਤਾ ਪੂਰਬਕ ਚੱਲ ਰਿਹਾ ਹੈ, ਇਕ ਹੋਰ ਗੀਤ "ਗਲਾਸ" ਦਾ ਵੀਡੀਓ ਨਿਰਦੇਸ਼ਕ ਸੁਮੀਤ ਭਾਰਦਵਾਜ਼ ਸੁਚੱਜੇ ਢੰਗ ਨਾਲ ਤਿਆਰ ਕੀਤਾ ਹੈ, ਜਿਸਨੂੰ ਸਰੋਤੇ ਆਉਂਦੇ ਕੁਝ ਦਿਨਾਂ ਤੱਕ ਵੱਖ-ਵੱਖ ਚੈਨਲਾਂ ਤੇ ਦੇਖ ਸਕਣਗੇ ਅਤੇ ਬਾਕੀ ਦੇ ਸਾਰੇ ਵੀਡੀਓਜ਼ ਦੇ ਫ਼ਿਲਮਾਂਕਣ ਦਾ ਕੰਮ ਭਾਰਤ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਕੀਤਾ ਜਾ ਰਿਹਾ ਹੈ। ਇਸ ਸੁਰੀਲੇ ਪੰਜਾਬੀ ਗਾਇਕ ਗੁਰਜੀਤ ਰਾਹਲ ਨੂੰ ਜਿੱਥੇ ਆਪਣੀ ਇਸ ਐਲਬਮ ਤੋਂ ਭਰਪੂਰ ਆਸਾਂ ਹਨ, ਉੱਥੇ ਅਸੀਂ ਵੀ ਇਸ ਦੀ ਕਾਮਯਾਬੀ ਦੀ ਦੁਆ ਕਰਦੇ ਹਾਂ।
ਯੂ ਟਿਊਬ ਉੱਤੇ "ਐਸ਼ ਕਰੋਗੀ" ਗੀਤ ਦਾ ਵੀਡੀਓ ਦੇਖਣ ਲਈ ਇਸ ਲਿੰਕ ਤੇ ਕਲਿਕ ਕਰੋ।









-ਗੁਰਪ੍ਰੀਤ ਸਿੰਘ ਅਣਖੀ
ਮਹਿਲ ਕਲਾਂ (ਬਰਨਾਲਾ)। 
Cell. +91 99145 65135

Tuesday, March 1, 2011

Mehal Kalan : ਖੇਡਾਂ ਮਹਿਲ ਕਲਾਂ ਦੀਆਂ ਸਫਲਤਾ ਪੂਰਬਕ ਸਮਾਪਿਤ

-ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਸਮੇਤ ਕਈ ਹੋਰ ਉੱਘੀਆਂ ਸਖਸ਼ੀਅਤਾਂ ਦਾ ਸਨਮਾਨ
ਮਹਿਲ ਕਲਾਂ, 2ਮਾਰਚ (ਅਣਖੀ)- ਸ਼ਹੀਦ ਬਾਬਾ ਜੰਗ ਸਿੰਘ ਕਬੱਡੀ ਸਪੋਰਟਸ ਅਤੇ ਵੈਲਫੇਅਰ ਕਲੱਬ ਰਜਿ: ਮਹਿਲ ਕਲਾਂ ਵੱਲੋਂ ਦੋਵੇਂ ਨਗਰ ਪੰਚਾਇਤਾਂ, ਐਨ. ਆਰ. ਆਈਜ਼. ਅਤੇ ਸਮੂਹ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰਵਾਇਆ ਮਾਂ ਖੇਡ ਕਬੱਡੀ ਨੂੰ ਸਮਰਪਿਤ ਪੇਂਡੂ ਖੇਡ ਮੇਲਾ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੇ ਖੇਡ ਮੈਦਾਨ ਵਿਚ ਅਮਿੱਟ ਯਾਦਾਂ ਛੱਡਦਾ ਹੋਇਆ ਸਫ਼ਲਤਾ ਪੂਰਬਕ ਸਮਾਪਤ ਹੋਇਆ। ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਮੀਤ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ ਪ੍ਰਮੱਖ ਹਲਕਾ ਇੰਚਾਰਜ਼ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਲੱਬ ਨੂੰ ਦੋ ਲੱਖ ਰੁਪਏ ਅਤੇ ਦੋਵੇਂ ਨਗਰ ਪੰਚਾਇਤਾਂ ਨੂੰ ਪੰਜ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਮੈਂਬਰ ਸ਼੍ਰੋਮਣੀ ਕਮੇਟੀ ਸੰਤ ਜਸਵੀਰ ਸਿੰਘ ਖਾਲਸਾ ਨੇ ਅਤੇ ਬਾਬਾ ਜੋਗਾ ਸਿੰਘ ਨਾਨਕਸਰ ਕਰਨਾਲ, ਚੇਅਰਮੈਨ ਭੋਲਾ ਸਿੰਘ ਵਿਰਕ ਵਾਈਸ ਚੇਅਰਮੈਨ ਮਲਕੀਤ ਸਿੰਘ ਚੀਮਾ, ਕੌਮੀ ਯੂਥ ਆਗੂ ਸੁਖਵਿੰਦਰ ਸਿੰਘ ਸੁੱਖਾ, ਹਲਕਾ ਪ੍ਰਧਾਨ ਕਮਿੱਕਰ ਸਿੰਘ ਸੋਢਾ ਨੇ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਹਾਜ਼ਰੀ ਲਵਾਈ। ਅੰਤਿਮ ਨਤੀਜਿਆਂ ਅਨੁਸਾਰ ਕਬੱਡੀ 29ਕਿਲੋ ਚਾਉਕੇ ਕਲਾਂ-ਮਹਿਲ ਕਲਾਂ, 43ਕਿਲੋ ਮਹਿਲ ਕਲਾਂ ਠਾਠ-ਮਾਹਲਾਂ ਕਲਾਂ ਮੋਗਾ, 53ਕਿਲੋ ਮਹਿਲ ਕਲਾਂ ਏ-ਮੂੰਮ ਅਤੇ 68ਕਿਲੋ ਸਹੌਰ-ਮਹਿਲ ਕਲਾਂ ਨੇ ਕ੍ਰਮਵਾਰ ਪਹਿਲਾ ਦੂਜਾ ਇਨਾਮ ਪ੍ਰਾਪਤ ਕੀਤਾ। ਕਬੱਡੀ ਓਪਨ ਨੇ ਦਿਲਚਸਪ ਮੁਕਾਬਲੇ ਵਿਚੋਂ ਲੋਹਗੜ੍ਹ ਨੇ ਬੱਸੀਆਂ ਨੂੰ ਹਰਾ ਕੇ ਬਾਜ਼ੀ ਮਾਰੀ। ਬੈਸਟ ਰੇਡਰ ਅਤੇ ਬੈਸਟ ਜਾਫੀ ਦਾ ਖਿਤਾਬ ਕ੍ਰਮਵਾਰ ਬੁੱਧੂ ਇਮਾਮਗੜ੍ਹ ਅਤੇ ਜੋਬਨ ਲੋਹਗੜ੍ਹ ਨੇ ਜਿੱਤਿਆ। ਇਸ ਮੌਕੇ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ, ਗਾਇਕ ਗੁਰਜੀਤ ਰਾਹਲ, ਕੁਮੈਨਟੇਟਰ ਹਰਮਨ ਸਿੰਘ ਜੋਗਾ, ਗੋਲਡ ਮੈਡਲਿਸਟ ਜੇਤੂ ਬਾਡੀਬਿਲਡਰ ਹਰਦੀਪ ਸਿੰਘ ਕਾਲਾ ਅਤੇ ਨਾਮਵਰ ਕਬੱਡੀ ਖਿਡਾਰੀਆਂ ਕੀਪਾ ਸੱਦੋਵਾਲ, ਗੁਰਜੀਤ ਤੂਤ, ਕਾਲਾ ਹਮੀਦੀ, ਰਾਜਾ ਰਾਏਸਰ, ਗੋਪੀ ਚੰਨਣਵਾਲ, ਰਣਦੀਪ ਹੇਹਰ ਆਦਿ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨਾਂ, ਜੇਤੂ ਖਿਡਾਰੀਆਂ ਅਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਨ ਦੀ ਰਸਮ ਕਲੱਬ ਦੇ ਚੇਅਰਮੈਨ ਕੁਲਵੰਤ ਸਿੰਘ ਫੌਜੀ, ਪ੍ਰਧਾਨ ਬੱਬੀ ਚੀਮਾਂ, ਖਜਾਂਨਚੀ ਮਾਨ ਸਿੰਘ ਮਾਨਾ ਤੇ ਰਣਜੀਤ ਸਿੰਘ ਖੜਕੇ ਕਾ, ਮੁੱਖ ਸਲਾਹਕਾਰ ਲਾਡੀ ਸੋਢਾ ਤੇ ਗੁਰਪ੍ਰੀਤ ਦਿਓਲ, ਪ੍ਰੈੱਸ ਸਕੱਤਰ ਅਮਨਾ ਜਗਦੇ, ਜਥੇ ਅਜਮੇਰ ਸਿੰਘ, ਸਵਰਨ ਸਿੰਘ ਚੀਮਾਂ, ਬਚਿੱਤਰ ਸਿੰਘ ਰਾਏਸਰ, ਰਣਧੀਰ ਸਿੰਘ ਕੈਨੇਡੀਅਨ, ਬਿੱਟੂ ਚੀਮਾਂ, ਪ੍ਰਧਾਨ ਬਾਬਾ ਸ਼ੇਰ ਸਿੰਘ, ਗੁਰਦੀਪ ਸਿੰਘ ਟਿਵਾਣਾ, ਸਤੀਸ਼ ਕੁਮਾਰ, ਮਾਸਟਰ ਯਸ਼ਪਾਲ ਸਿੰਘ ਸ਼ਰੀਹਾਂ, ਤਰਕਸ਼ੀਲ ਆਗੂ ਗੁਰਦੀਪ ਸਿੰਘ, ਪੰਚ ਗੋਬਿੰਦਰ ਸਿੰਘ ਸਿੱਧੂ ਆਦਿ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ 'ਤੇ ਨਿਭਾਈ। ਟੂਰਨਾਮੈਂਟ ਦੀ ਕੁਮੈਂਟਰੀ ਹਰਮਨ ਸਿੰਘ ਜੋਗਾ ਮਹਿਲ ਕਲਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ।
ਤਸਵੀਰਾਂ ਬੋਲਦੀਆਂ
ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਮੀਤ ਪ੍ਰਧਾਨ ਸਾਬਕਾ ਕੈਬਨਿਟ 
ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ ਦਾ ਸੁਆਗਤ ਕਰਦੇ ਹੋਏ ਪ੍ਰਬੰਧਕ।
ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ ਪ੍ਰਮੱਖ ਹਲਕਾ 
ਇੰਚਾਰਜ਼
ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਹੋਏ ਪ੍ਰਮੱਖ ਹਲਕਾ ਇੰਚਾਰਜ਼ ਸ. ਗੋਬਿੰਦ ਸਿੰਘ
ਕਾਂਝਲਾ
ਖਿਡਾਰੀਆਂ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਸ. ਗੋਬਿੰਦ ਸਿੰਘ ਕਾਂਝਲਾ, ਪ੍ਰਬੰਧਕ
ਅਤੇ ਹੋਰ ਪਤਵੰਤੇ।
ਕੈਬਨਿਟ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼।
ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਨ ਸ. ਭੋਲਾ ਸਿੰਘ ਵਿਰਕ।
ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਹੋਏ ਚੇਅਰਮੈਨ ਸ. ਭੋਲਾ ਸਿੰਘ ਵਿਰਕ
ਖਿਡਾਰੀਆਂ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਚੇਅਰਮੈਨ ਸ. ਭੋਲਾ ਸਿੰਘ ਵਿਰਕ,
ਪ੍ਰਬੰਧਕ ਅਤੇ ਹੋਰ ਪਤਵੰਤੇ।
ਖੇਡ ਮੇਲੇ ਦੌਰਾਨ ਵਿਸ਼ੇਸ ਤੌਰ 'ਤੇ ਪਹੁੰਚੇ ਮੈਂਬਰ ਸ਼੍ਰੋਮਣੀ ਕਮੇਟੀ ਸੰਤ ਜਸਵੀਰ ਸਿੰਘ ਖਾਲਸਾ,
ਸ਼ਹੀਦ ਬਾਬਾ ਜੰਗ ਸਿੰਘ ਜੀ ਦੇ ਗੱਦੀ ਨਸ਼ੀਨ ਬਾਬਾ ਜੋਗਾ ਸਿੰਘ ਕਰਨਾਲ ਵਾਲਿਆਂ ਦਾ
ਸੁਆਗਤ ਕਰਦੇ ਹੋਏ ਪ੍ਰਬੰਧਕ।
ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਸੰਤ ਜਸਵੀਰ ਸਿੰਘ ਖਾਲਸਾ ਤੇ ਬਾਬਾ ਜੋਗਾ ਸਿੰਘ
ਕਰਨਾਲ ਹੋਏ ਵਾਲੇ
ਖਿਡਾਰੀਆਂ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਸੰਤ ਜਸਵੀਰ ਸਿੰਘ ਖਾਲਸਾ ਤੇ ਬਾਬਾ
ਜੋਗਾ ਸਿੰਘ ਕਰਨਾਲ ਹੋਏ ਵਾਲੇ,ਪ੍ਰਬੰਧਕ ਅਤੇ ਹੋਰ ਪਤਵੰਤੇ।
ਕਬੱਡੀ ਕੋਚ ਚੇਅਰਮੈਨ ਕੁਲਵੰਤ ਸਿੰਘ ਫੌਜੀ ਨੂੰ ਵਿਸ਼ੇਸ ਤੌਰ ਸਨਮਾਨਿਤ ਕਰਦੇ ਹੋਏ ਕਲੱਬ
ਦੇ ਸਮੂਹ ਅਹੁਦੇਦਾਰ।
ਸੁਆਗਤ ਮਨਪ੍ਰੀਤ ਟਿਵਾਣਾ ਦਾ

ਗਾਇਕ ਗੁਰਜੀਤ ਰਾਹਲ ਦਾ ਸੁਆਗਤ
ਪਿੰਡ ਦੇ ਜੰਮਪਲ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਨੂੰ ਸਨਮਾਨਿਤ ਕੀਤੇ ਜਾਣ ਦਾ
ਦ੍ਰਿਸ਼।
ਚਰਚਿੱਤ ਪੰਜਾਬੀ ਗੁਰਜੀਤ ਰਾਹਲ ਨੂੰ ਸਨਮਾਨਿਤ ਕਦੇ ਹੋਏ ਮੈਂਬਰ ਸ਼੍ਰੋਮਣੀ ਕਮੇਟੀ ਸੰਤ
ਜਸਵੀਰ ਸਿੰਘ ਖਾਲਸਾ,ਬਾਬਾ ਜੋਗਾ ਸਿੰਘ ਕਰਨਾਲ 'ਤੇ ਪ੍ਰਬੰਧਕ।
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਤੂਤ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼।
ਬਾਡੀ ਬਿਲਡਿੰਗ ਵਿਚ ਗੋਲਡ ਮੈਡਲ ਪ੍ਰਾਪਤ ਕਰਕੇ ਮਹਿਲ ਕਲਾਂ ਦਾ ਨਾ ਰੌਸ਼ਨ ਕਰਨ
 ਵਾਲੇ ਹਰਦੀਪ ਸਿੰਘ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼।
ਟੂਰਨਾਮੈਂਟ ਦੀ ਕੁਮੈਂਨਟਰੀ ਕਰਦਾ ਹੋਇਆ ਉੱਭਰਦਾ ਕੁਮੈਂਨਟੇਟਰ ਹਰਮਨ ਸਿੰਘ ਜੋਗਾ
ਮਹਿਲ ਕਲਾ।








-Gurpreet Singh Ankhi

 Mehal Kalan (Barnala)
 Cell. +91 99145 65135
 gurpreetankhi@gmail.com

Saturday, February 26, 2011

Mehal Kalan : ਖੇਡਾਂ ਮਹਿਲ ਕਲਾਂ ਦੀਆਂ ਧੂਮ ਧੜੱਕੇ ਨਾਲ ਸ਼ੁਰੂ



-ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਸਮੇਤ ਕਈ ਹੋਰ ਉੱਘੀਆਂ ਸਖਸ਼ੀਅਤਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਮਹਿਲ ਕਲਾਂ ਵਿਖੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਡੀ. ਐੱਸ ਪੀ ਕੇਹਰ ਸਿੰਘ ਖਹਿਰਾ ਅਤੇ ਸੰਤ ਬਾਬਾ ਹਰਨਾਮ ਸਿੰਘ ਨਾਨਕਸਰ ਠਾਠ ਮਹਿਲ ਕਲਾਂ
ਮਹਿਲ ਕਲਾਂ, 26 ਫਰਵਰੀ (ਅਣਖੀ)- ਸ਼ਹੀਦ ਬਾਬਾ ਜੰਗ ਸਿੰਘ ਕਬੱਡੀ ਸਪੋਰਟਸ ਅਤੇ ਵੈਲਫੇਅਰ ਕਲੱਬ ਰਜਿ: ਮਹਿਲ ਕਲਾਂ ਵੱਲੋਂ ਮਾਂ ਖੇਡ ਕਬੱਡੀ ਨੂੰ ਸਮਰਪਿਤ ਪੇਂਡੂ ਖੇਡ ਮੇਲਾ ਅੱਜ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੇ ਖੇਡ ਮੈਦਾਨ ਵਿਚ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਇਸ ਪੇਂਡੂ ਖੇਡ ਮੇਲੇ ਦਾ ਉਦਘਾਟਨ ਅੰਤਰਰਾਸ਼ਟਰੀ ਕੁਸ਼ਤੀ ਖਿਡਾਰੀ ਡੀ. ਐੱਸ ਪੀ ਕੇਹਰ ਸਿੰਘ ਖਹਿਰਾ ਅਤੇ ਇੰਟਰਨੈਸ਼ਨਲ ਸੰਤ ਸਮਾਜ ਦੇ ਸਰਪ੍ਰਸਤ ਸੰਤ ਬਾਬਾ ਹਰਨਾਮ ਸਿੰਘ ਨਾਨਕਸਰ ਠਾਠ ਮਹਿਲ ਕਲਾਂ ਨੇ ਸਾਂਝੇ ਤੌਰ ਤੇ ਕੀਤਾ। ਡੀ. ਐੱਸ. ਪੀ. ਕੇਹਰ ਸਿੰਘ ਖਹਿਰਾ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਖੇਡ ਦੀ ਭਾਵਨਾਂ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਸੰਤ ਬਾਬਾ ਹਰਨਾਮ ਸਿੰਘ ਨੇ ਪ੍ਰਬੰਧਕਾਂ ਦੁਆਰਾ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਟੂਰਨਾਮੈਟ ਦੇ ਪਹਿਲੇ ਦਿਨ ਕਬੱਡੀ ਕਬੱਡੀ 29ਕਿਲੋ, 43ਕਿਲੋ, 53ਕਿਲੋ ਅਤੇ 68 ਕਿਲੋ ਦੇ ਦਿਲਚਸਪ ਮੁਕਾਬਲੇ ਸ਼ੁਰੂ ਕਰਵਾਏ ਗਏ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੀਪਾ ਸੱਦੋਵਾਲ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਾਈਸ ਚੇਅਰਮੈਨ ਮਲਕੀਤ ਸਿੰਘ ਚੀਮਾਂ, ਸੁਖਵਿੰਦਰ ਸਿੰਘ ਸੁੱਖਾ, ਪ੍ਰਧਾਨ ਕਮਿੱਕਰ ਸਿੰਘ, ਗੁਰਦੀਪ ਸਿੰਘ ਟਿਵਾਣਾ, ਪ੍ਰਧਾਨ ਬਾਬਾ ਸ਼ੇਰ ਸਿੰਘ, ਯਸ਼ਪਾਲ ਸਿੰਘ ਸ਼ਰੀਹਾਂ, ਤਰਕਸ਼ੀਲ ਆਗੂ ਗੁਰਦੀਪ ਸਿੰਘ, ਪੰਚ ਗੋਬਿੰਦਰ ਸਿੰਘ, ਬਿੱਟੂ ਚੀਮਾਂ ਆਦਿ ਮੋਹਤਬਰ ਵਿਆਕਤੀਆਂ ਨੇ ਵਿਸ਼ੇਸ ਤੌਰ ਤੇ ਸ਼ਮੂਲੀਅਤ ਕੀਤੀ। ਮੁੱਖ ਮਹਿਮਾਨਾਂ ਨੂੰ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਕਲੱਬ ਦੇ ਚੇਅਰਮੈਨ ਕੁਲਵੰਤ ਸਿੰਘ ਫੌਜੀ, ਪ੍ਰਧਾਨ ਬੱਬੀ ਚੀਮਾਂ, ਸਲਾਹਕਾਰ ਗੁਰਪ੍ਰੀਤ ਸਿੰਘ ਦਿਓਲ ਤੇ ਲਾਡੀ ਸੋਢਾ, ਪ੍ਰੈੱਸ ਸਕੱਤਰ ਅਮਨਾ ਜਗਦੇ ਆਦਿ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ 'ਤੇ ਨਿਭਾਈ।     
                     ਖੇਡ ਮੇਲੇ ਦੌਰਾਨ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸਖ਼ਸ਼ੀਅਤਾਂ  
ਗੀਤਕਾਰ ਮਨਪ੍ਰੀਤ ਟਿਵਾਣਾ, ਗਾਇਕ ਗੁਰਜੀਤ ਰਾਹਲ, ਬਾਡੀ ਬਿਲਡਰ ਹਰਦੀਪ ਸਿੰਘ ਕਾਲਾ, ਕਬੱਡੀ ਖਿਡਾਰੀ ਰਣਦੀਪ ਹੇਹਰ ਅਤੇ ਕੁਮੈਨਟੇਟਰ ਹਰਮਨ ਸਿੰਘ ਜੋਗਾ।
ਕਲੱਬ ਦੇ ਪ੍ਰਧਾਨ ਬੱਬੀ ਚੀਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ 27 ਫਰਵਰੀ ਟੂਰਨਾਮੈਂਟ ਦੇ ਆਖਰੀ ਦਿਨ ਕਬੱਡੀ ਓਪਨ ਦੇ ਪ੍ਰਸਿੱਧ ਟੀਮਾਂ ਦੇ ਗਹਿਗੱਚ ਮੁਕਾਬਲੇ ਹੋਣਗੇ ਅਤੇ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ, ਗਾਇਕ ਗੁਰਜੀਤ ਰਾਹਲ, ਕੁਮੈਨਟੇਟਰ ਹਰਮਨ ਸਿੰਘ ਜੋਗਾ, ਗੋਲਡ ਮੈਡਲਿਸਟ ਬਾਡੀਬਿਲਡਰ ਹਰਦੀਪ ਸਿੰਘ ਕਾਲਾ ਅਤੇ ਨਾਮਵਰ ਕਬੱਡੀ ਖਿਡਾਰੀਆਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਖੇਡ ਮੇਲੇ ਦੌਰਾਨ ਇੰਟਰਨੈਸ਼ਨਲ ਸੰਤ ਸਮਾਜ ਦੇ ਸਰਪ੍ਰਸਤ ਸੰਤ ਬਾਬਾ ਹਰਨਾਮ ਸਿੰਘ ਨਾਨਕਸਰ ਠਾਠ ਮਹਿਲ ਕਲਾਂ  ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ ।

ਖੇਡ ਮੇਲੇ ਦੌਰਾਨ ਇੰਟਰਨੈਸ਼ਨਲਬੱਡੀ ਖਿਡਾਰੀ ਕੀਪਾ ਸੱਦੋਵਾਲ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ ।








-Gurpreet Singh Ankhi

 Mehal Kalan (Barnala)
 Cell. +91 99145 65135
 gurpreetankhi@gmail.com
 http://www.facebook.com/gurpreetsinghankhi