Pages

Sunday, August 12, 2012

ਬੀਬੀ ਕਿਰਨਜੀਤ ਕੌਰ ਦੀ 15 ਵੀਂ ਬਰਸੀ ਮੌਕੇ ਸਰਧਾਂਜਲੀਆਂ ਭੇਂਟ

ਸਰਕਾਰਾਂ ਦੀਆਂ ਸਾਮਰਾਜ ਪੱਖੀ ਅਤੇ ਮਜ਼ਦੂਰ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਜ਼ੋਰਦਾਰ ਸੰਘਰਸ਼ ਸਮੇਂ ਦੀ ਮੁੱਖ ਲੋੜ- ਪਾਸਲਾ

ਪੱਤਰ ਪ੍ਰੇਰਕ
ਮਹਿਕ ਕਲਾਂ 12 ਅਗਸਤ
ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦੇ ਸੰਘਰਸ਼ ਨੇ ਜਬਰ ਜੁਲਮ ਦੇ ਖ਼ਿਲਾਫ਼, ਹੱਕ ਸੱਚ ਅਤੇ ਇਨਸਾਫ਼ ਦੀ ਪ੍ਰਾਪਤੀ ਲਈ ਲੜਨ ਵਾਲੇ ਸੰਗਰਾਮੀ ਲੋਕਾਂ ਦੀ ਏਕਤਾ ਦਾ ਮੁੱਢ  ਬੰਨ੍ਹਿਆ। ਹੁਣ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਾਮਰਾਜ ਪੱਖੀ ਅਤੇ ਮਜ਼ਦੂਰ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਜ਼ੋਰਦਾਰ ਸੰਘਰਸ਼ ਕਰਨ ਲਈ ਇਸ ਏਕਤਾ ਨੂੰ ਹੋਰ ਮਜ਼ਬੂਤ ਤੇ ਵਿਸ਼ਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀ. ਪੀ. ਐਮ. ਪੰਜਾਬ ਦੇ ਸੂਬਾ ਸਕੱਤਰ ਮੰਗਤ ਰਾਮ ਪਾਸਲਾ ਨੇ ਅੱਜ ਇੱਥੇ ਦਾਣਾ ਮੰਡੀ ਵਿਖੇ ਸ਼ਹੀਦ ਕਿਰਨਜੀਤ ਕੌਰ ਦੀ 15ਵੀਂ ਬਰਸੀਂ ਸਮੇਂ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਨ ਦੀ ਮੰਗ ਕੀਤੀ। ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਔਰਤਾਂ ਉੱਤੇ ਦਿਨੋ ਦਿਨ ਵਧ ਰਹੇ ਜਬਰ ਜ਼ੁਲਮਾਂ ਦੀ ਅੰਕੜਿਆਂ ਸਹਿਤ ਵਿਆਖਿਆ ਕਰਦਿਆਂ ਇਨ੍ਹਾਂ ਸੰਘਰਸ਼ਾਂ ਨੂੰ ਰਾਜ ਪ੍ਰਬੰਧ ਖ਼ਿਲਾਫ਼ ਸੇਧਿਤ ਕਰਨ ਦੀ ਅਪੀਲ ਕੀਤੀ। 
ਬੀਬੀ ਕਿਰਨਜੀਤ ਕੌਰ ਦੀ 15ਵੀਂ ਬਰਸੀ ਮੌਕੇ ਸਰਧਾਂਜਲੀਆਂ ਭੇਂਟ ਕਰਦੇ ਹੋਏ ਵੱਖ-ਵੱਖ ਬੁਲਾਰੇ। (ਹੇਠਾਂ) ਇਕੱਠ।

ਭਾਕਿਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੀ ਲੋਕ ਵਿਰੋਧੀ ਨੀਤੀਆਂ ਕਾਰਨ ਪੰਜਾਬ ਦੀ ਕਿਸਾਨੀ 42 ਹਜ਼ਾਰ ਕਰੋੜ ਦੇ ਕਰਜ਼ੇ ਹੇਠ ਨਪੀੜੀ ਹੋਈ ਖੁਦਕੁਸ਼ੀਆਂ ਦੇ ਰਾਹ ਤੁਰ ਪਈ ਹੈ। ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਅੱਜ ਦੇ ਹਾਕਮ ਕਿਸਾਨ ਮਜ਼ਦੂਰਾਂ ਦੀਆ ਜ਼ਮੀਨਾਂ ਜਬਰੀ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੇ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
ਡਾ. ਹਰਸ਼ਿੰਦਰ ਕੌਰ ਨੇ ਕਿਰਨਜੀਤ ਦੀ ਲਾਸਾਨੀ ਕੁਰਬਾਨੀ ਅਤੇ ਐਕਸ਼ਨ ਕਮੇਟੀ ਮਹਿਲ ਕਲਾਂ ਦੀ ਅਗਵਾਈ ਹੇਠ ਲੜੇ ਘੋਲ ਨੂੰ ਸਿਜਦਾ ਕਰਦਿਆਂ ਕਿਹਾ ਕਿ ਔਰਤ ਭਾਂਵੇ ਬਹੁਤ ਸਾਰੇ ਖੇਤਰਾਂ ਵਿਚ ਨਾਮਣਾ ਖੱਟ ਰਹੀ ਪਰ ਜਬਰ ਵੀ ਸਭ ਹੱਦਾਂ ਬੰਨੇ ਪਾਰ ਕਰ ਰਿਹਾ ਹੈ ਕਿਉਂਕਿ ਔਰਤ ਨੂੰ ਕਿਸੇ ਵੀ ਖੇਤਰ ਵਿਚ ਮਰਦ ਦੇ ਬਰਾਬਰ ਰੁਤਬਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਔਰਤ ਨੂੰ ਮਾਈ ਭਾਗੋ, ਗਦਰੀ ਗੁਲਾਬ ਕੌਰ, ਦੁਰਗਾ ਭਾਬੀ, ਝਾਂਸੀ ਦੀ ਰਾਣੀ ਸਮੇਤ ਕਿਰਨਜੀਤ ਤੋਂ ਪ੍ਰੇਰਨਾ ਲੈ ਕੇ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਲਈ ਲਾਮਬੰਦ ਹੋਣ ਦੀ ਅਪੀਲ ਕੀਤੀ। ਐਕਸ਼ਨ ਕਮੇਟੀ ਦੇ ਕਨਵੀਨਰ ਮਾਸਟਰ ਗੁਰਵਿੰਦਰ ਸਿੰਘ, ਨਰਾਇਣ ਦੱਤ ਨੇ 15 ਸਾਲ ਤੋਂ ਚੱਲ ਰਹੇ ਸੰਘਰਸ਼ ਦੀ ਵਿਆਖਿਆ ਕਰਦਿਆਂ ਇਸ ਸੰਘਰਸ਼ ਦੀਆਂ ਸ਼ਾਨਮੱਤੀਆਂ ਪ੍ਰਾਪਤੀ ਅਤੇ ਚੁਣੌਤੀਆਂ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਹਰ ਪ੍ਰਾਪਤੀ ਦਾ ਸਿਹਰਾ ਲੋਕ ਸੰਘਰਸ਼ ਨੂੰ ਅਤੇ ਹਰ ਚੁਣੌਤੀ ਦਾ ਟਾਕਰਾ ਵੀ ਲੋਕ ਸ਼ਕਤੀ ਉੱਤੇ ਟੇਕ ਰੱਖ ਕੇ ਕਰ ਰਹੇ ਹਾਂ। ਸੀ. ਪੀ. ਆਈ. ਦੇ ਕਾਮਰੇਡ ਪ੍ਰੀਤਮ ਸਿੰਘ ਦਰਦੀ ਤੇ ਸੁਰਿੰਦਰ ਸਿੰਘ ਜਲਾਲਦੀਵਾਲ ਨੇ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਲੋਕ ਵਿਰੋਧੀ ਨੀਤੀਆਂ ਦੀ ਚੀਰਫਾੜ ਕਰਦਿਆਂ ਕਿਹਾ ਕਿ ਮਹਿਲ ਕਲਾਂ ਦੀ ਧਰਤੀ ਸਾਂਝੇ ਜਨਤਕ ਅਤੇ ਜਬਰ ਵਿਰੋਧੀ ਸੰਘਰਸ਼ਾਂ ਲਈ ਚਾਨਣ ਮੁਨਾਰਾ ਬਣੀ ਹੋਈ ਹੈ ਇਸ ਵਿਰਾਸਤ ਨੂੰ ਸਾਂਭਿਆ ਜਾਣਾ ਚਾਹੀਦਾ ਹੈ। 
ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਸਕੱਤਰ ਹਰਚਰਨ ਸਿੰਘ ਚੰਨਾ, ਇਸਤਰੀ ਆਗੂ ਬੀਬੀ ਹਰਪਾਲ ਕੌਰ ਘਨੌਰੀ, ਆਂਗਣਵਾੜੀ ਆਗੂ ਸ਼ਿੰਦਰਪਾਲ ਕੌਰ ਭਗਤਾ, ਪ੍ਰੇਮਪਾਲ ਕੌਰ, ਪ੍ਰੈਕਟੀਸ਼ਨਰ ਪੰਜਾਬ ਦੇ ਸੂਬਾਈ ਆਗੂ ਕੁਲਵੰਤ ਰਾਏ ਪੰਡੋਰੀ, ਮਾਸਟਰ ਪ੍ਰੇਮ ਕੁਮਾਰ, ਅਧਿਆਪਕ ਦਲ ਪੰਜਾਬ ਦੇ ਜਰਨੈਲ ਸਿੰਘ ਚੰਨਣਵਾਲ, ਡਾ. ਅਮਰਜੀਤ ਕੁੱਕੂ, ਗੁਰਦੇਵ ਸਿੰਘ ਸਹਿਜੜਾ, ਸੁਰਜੀਤ ਦਿਹੜ, ਮਲਕੀਤ ਵਜੀਦਕੇ, ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ, ਮੱਖਣ ਸਿੰਘ ਰਾਮਗੜ੍ਹ, ਗੁਰਜੰਟ ਸਿੰਘ ਹਮੀਦੀ, ਨਿਹਾਲ ਸਿੰਘ ਧਾਲੀਵਾਲ, ਮਾਸਟਰ ਦਰਸ਼ਨ ਸਿੰਘ, ਗੁਰਚਰਨ ਸਿੰਘ ਅੱਚਰਵਾਲ, ਦਰਸ਼ਨ ਸਿੰਘ ਰਾਏਸਰ, ਭੋਲਾ ਸਿੰਘ ਕਲਾਲ ਮਾਜਰਾ ਆਦਿ ਨੇ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਮੈਂਬਰ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ।
ਇਸ ਮੌਕੇ ਲੋਕ ਪੱਖੀ ਗਾਇਕ ਅਜਮੇਰ ਅਕਲੀਆ, ਲੋਕ ਸੰਗੀਤ ਮੰਡਲੀ ਧੌਲਾ, ਸਰਕਾਰੀ ਪ੍ਰਾਇਮਰੀ ਸਕੂਲ ਸੇਖਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੀਨੀਵਾਲ ਦੇ ਕਲਾਕਾਰਾਂ ਤੋਂ ਇਲਾਵਾ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਰੰਗਕਰਮੀਆਂ ਨੇ ਇਨਕਲਾਬੀ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕਰਕੇ ਅਹਿਮ ਪ੍ਰਭਾਵ ਛੱਡਿਆ।