Pages

Saturday, September 17, 2011

ਸੰਤ ਕਾਲਾਮਾਲਾ ਦੇ ਹੱਕ ਵਿਚ ਝੁੱਲੀ ਹਨੇਰੀ ਨੇ ਵਿਰੋਧੀਆਂ ਦੀ ਨੀਂਦ ਉਡਾਈ

►ਹਲਕਾ ਚੰਨਣਵਾਲ ਤੋਂ ਸੰਤ ਕਾਲਾਮਾਲਾ ਵਿਰੋਧੀਆਂ ਦੇ ਮੁਕਾਬਲੇ ਅੱਗੇ

ਪੱਤਰ ਪ੍ਰੇਰਕ
ਮਹਿਲ ਕਲਾਂ, 17 ਸਤੰਬਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਚੰਨਣਵਾਲ (ਜਨਰਲ) ਤੋਂ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਇਲਾਕੇ ਦੀਆਂ ਸਿੱਖ ਸੰਗਤਾਂ ਦੁਆਰਾ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰੇ ਐਸ. ਜੀ. ਪੀ. ਸੀ. ਦੇ ਦਰਵੇਸ਼ ਮੈਂਬਰ ਸੰਤ ਜਸਵੀਰ ਸਿੰਘ ਖ਼ਾਲਸਾ ਕਾਲਾਮਾਲਾ ਸਾਹਿਬ ਵਾਲਿਆਂ ਦੀ ਸ਼ਿਖਰ ਤੇ ਪੁਜੀ ਚੋਣ ਮੁਹਿੰਮ ਨੇ ਜਿੱਥੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਚੋਣ ਲੜ੍ਹ ਰਹੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਪੰਥਕ ਮੋਰਚੇ ਦੇ ਉਮੀਦਵਾਰ ਜਥੇ. ਗੁਰਮੇਲ ਸਿੰਘ ਛੀਨੀਵਾਲ ਲਈ ਵੀ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਕੱਲ੍ਹ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸੰਤ ਕਾਲਾਮਾਲਾ ਵੱਲੋਂ ਹਲਕੇ ਦੇ ਸਾਰੇ ਪਿੰਡਾਂ ਵਿਚ ਲਾਮਬੰਦ ਕੀਤਾ ਚੋਣ ਕਾਫ਼ਲਾ ਇਸ ਗੱਲ ਦਾ ਗਵਾਹ ਹੈ ਕਿ ਹਲਕੇ ਦੇ ਲੋਕ ਆਪਣੇ ਸਾਰੇ ਰਾਜਸੀ ਮਤਭੇਦ ਛੱਡ ਕੇ ਪੂਰੀ ਤਰ੍ਹਾਂ ਨਾਲ ਸੰਤ ਕਾਲਾਮਾਲਾ ਨਾਲ ਆ ਡਟੇ ਹਨ। ਹੈਰਾਨੀ ਦੀ ਗੱਲ ਹੈ ਕਿ ਸੰਤ ਕਾਲਾਮਾਲਾ ਖਿਲਾਫ਼ ਚੋਣ ਲੜ ਰਹੇ ਬਾਬਾ ਦਲਬਾਰ ਸਿੰਘ ਛੀਨੀਵਾਲ ਦੀ ਚੋਣ ਮੁਹਿੰਮ ਨੂੰ ਸਹਾਰਾ ਦੇਣ ਲਈ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਅਤੇ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਲੋਕ ਨਿਰਮਾਣ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ ਅਤੇ ਆਪਣੇ ਪ੍ਰਵਚਨਾਂ ਲਈ ਮਸ਼ਹੂਰ ਬਾਬਾ ਛੀਨੀਵਾਲ ਦੇ ਸਰਵੇ ਸਰਵਾ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਤੱਕ ਹਲਕੇ ਦਾ ਦੌਰਾ ਕਰ ਚੁੱਕੇ ਹਨ। ਪੰਥਕ ਮੋਰਚੇ ਦੇ ਉਮੀਦਵਾਰ ਜਥੇਦਾਰ ਗੁਰਮੇਲ ਸਿੰਘ ਛੀਨੀਵਾਲ ਵਾਸਤੇ ਵੋਟਾਂ ਮੰਗਣ ਲਈ ਤਾਮਿਲਨਾਡੂ ਦੇ ਸਾਬਕਾ ਰਾਜਪਾਲ ਸ. ਸੁਰਜੀਤ ਸਿੰਘ ਬਰਨਾਲਾ, ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਪ੍ਰਧਾਨ ਬੀਬੀ ਸੁਰਜੀਤ ਕੌਰ ਬਰਨਾਲਾ ਵੀ ਚੋਣ ਰੈਲੀਆਂ, ਮੀਟਿੰਗਾਂ ਨੂੰ ਸੰਬੋਧਨ ਕਰ ਚੁੱਕੇ ਹਨ। ਚੋਣ ਦੌਰਾਨ ਬੇਸ਼ੱਕ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਗੁਰਮੇਲ ਸਿੰਘ ਛੀਨੀਵਾਲ ਕਾਫ਼ੀ ਪਛੜੇ ਨਜ਼ਰ ਆਏ ਪ੍ਰੰਤੂ ਸੱਤਾਧਾਰੀ ਧਿਰ ਦੇ ਉਮੀਦਵਾਰ ਬਾਬਾ ਦਲਬਾਰ ਸਿੰਘ ਛੀਨੀਵਾਲ ਦੇ ਚੋਣ ਪ੍ਰਚਾਰ ਦੌਰਾਨ ਸਥਾਨਕ ਵੱਡੇ ਅਕਾਲੀ ਆਗੂਆਂ ਦੀਆਂ ਸਟੇਜਾਂ ਉਪਰ ਹੋਈਆਂ ਤਕਰਾਰਬਾਜ਼ੀਆਂ ਅਤੇ ਗਾਲ਼ੀ ਗਲੋਚ ਨੇ ਬਾਬਾ ਛੀਨੀਵਾਲ ਦੀ ਸਥਿਤੀ ਨੂੰ ਡਾਵਾਂਡੋਲ ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਲਕੇ ਦੇ ਪਿੰਡ ਫਰਵਾਹੀ ਵਿਚ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਅਤੇ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਗੁੱਥਮ-ਗੁੱਥਾ ਹੋ ਗਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਸਮੁੱਚੀ ਚੋਣ ਮੁਹਿੰਮ ਦੌਰਾਨ ਰਾਖਵੇਂ ਹਲਕੇ ਚੰਨਣਵਾਲ ਤੋਂ ਉਮੀਦਵਾਰ ਸੰਤ ਬਲਵੀਰ ਸਿੰਘ ਘੁੰਨਸ ਅਤੇ ਜਨਰਲ ਉਮੀਦਵਾਰ ਸੰਤ ਦਲਬਾਲ ਸਿੰਘ ਛੀਨੀਵਾਲ ਦਾ ਆਪਸੀ ਤਾਲਮੇਲ ਕਿਧਰੇ ਵੀ ਨਜ਼ਰ ਨਹੀਂ ਆਇਆ। ਭਾਂਵੇ ਦੋਵਾਂ ਉਮੀਦਵਾਰਾਂ ਨੂੰ ਇਕੱਠਿਆਂ ਨੂੰ ਚੋਣ ਪ੍ਰਚਾਰ ਕਰਨ ਲਈ ਸ. ਸੁਖਦੇਵ ਸਿੰਘ ਢੀਂਡਸਾ ਨੇ ਵਾਰ ਵਾਰ ਯਤਨ ਵੀ ਕੀਤੇ। ਇਹ ਦਿਲਚਸਪ ਹੋਵੇਗਾ ਕਿ ਹਲਕੇ ਦੀਆਂ ਲਗਪਗ ਚਾਲੀ ਹਜ਼ਾਰ ਵੋਟਾਂ ਵਿਚੋਂ ਪੰਚੀ ਹਜ਼ਾਰ ਔਰਤਾਂ ਹਨ ਅਤੇ ਇਸ ਹਕੀਕਤ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਸੰਤ ਜਸਵੀਰ ਸਿੰਘ ਕਾਲਾਮਾਲਾ ਦੇ ਸ਼ਰਧਾਲੂਆਂ ਵਿਚ ਸਭ ਤੋਂ ਵੱਧ ਗਿਣਤੀ ਬੀਬੀਆਂ ਦੀ ਹੈ। ਹਲਕੇ ਅੰਦਰ ਚੋਣ ਪ੍ਰਚਾਰ ਦੌਰਾਨ ਸੰਤ ਕਾਲਾਮਾਲਾ ਦੇ ਵਿਰੋਧੀ ਇਕ ਉਮੀਦਵਾਰ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵੱਡੀ ਪੱਧਰ ਤੇ ਅਫ਼ੀਮ, ਭੁੱਕੀ ਅਤੇ ਸ਼ਰਾਬ ਵੰਡੇ ਜਾਣ ਦੀ ਭਾਰੀ ਚਰਚਾ ਚੱਲ ਰਹੀ ਹੈ। ਵਿਰੋਧੀ ਧਿਰ ਵੱਲੋਂ ਵੋਟਾਂ ਤੋਂ ਪਹਿਲਾਂ ਕੀਤੀ ਨਸ਼ਿਆਂ ਦੀ ਵੰਡ ਨੇ ਸੰਤ ਕਾਲਾਮਾਲਾ ਦੀ ਧਾਰਮਿਕ ਸਖ਼ਸ਼ੀਅਤ ਨੂੰ ਹੋਰ ਉਭਾਰਨ ਵਿਚ ਮਦਦ ਕੀਤੀ ਹੈ। ਇਹ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆ ਚੁੱਕੀ ਹੈ ਕਿ 18 ਸਤੰਬਰ ਨੂੰ ਹੋਣ ਵਾਲੀ ਚੋਣ ਨਤੀਜਾ ਹੈਰਾਨੀਜਨਕ ਹੋਵੇਗਾ।

No comments:

Post a Comment