Pages

Wednesday, September 21, 2011

ਜਦੋਂ ਪੀਪਲਜ਼ ਪਾਰਟੀ ਦਾ ਹਥੌੜਾ ਚੱਲਿਆ, ਉਦੋਂ ਅਕਾਲੀ ਦਲ ਦੇ ਟੁੱਕੜੇ ਟੁੱਕੜੇ ਹੋ ਜਾਣਗੇ - ਮਨਪ੍ਰੀਤ ਬਾਦਲ

ਲੋਕਾਂ ਨੂੰ ਰਾਜਨੀਤਕ ਫੈਕਟਰੀਆਂ ਦਾ ਕੱਚਾ ਮਾਲ ਸਮਝਦੇ ਨੇ ਲੀਡਰ - ਭਗਵੰਤ ਮਾਨ

ਮਹਿਲ ਕਲਾਂ ਵਿਖੇ ਪੀਪਲਜ਼ ਪਾਰਟੀ ਆੱਫ ਪੰਜਾਬ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ, ਭਗਵੰਤ ਮਾਨ ਸਮੇਤ ਵੱਖ-ਵੱਖ ਬੁਲਾਰੇ। (ਹੇਠਾਂ) ਵਿਸ਼ਾਲ ਇਕੱਠ।
ਪੱਤਰ ਪ੍ਰੇਰਕ
ਮਹਿਲ ਕਲਾਂ, 21 ਸਤੰਬਰ
ਅਕਾਲੀ ਦਲ ਦੁਆਰਾ ਸਮੇਂ ਦੀ ਹਕੂਮਤ ਦਾ ਨਜ਼ਾਇਜ ਫਾਇਦਾ ਉਠਾਉਦਿਆਂ ਪੀਪਲਜ਼ ਪਾਰਟੀ ਦੇ ਆਗੂ ਵਰਕਰਾਂ ਨੂੰ ਡਰਾਅ ਧਮਕਾ ਉਨ੍ਹਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ, ਪਰ ਅਸੀਂ ਉਨ੍ਹਾਂ ਨੂੰ ਦੱਸਣਾ ਚਹੁੰਦੇ ਹਾਂ ਜਿਸ ਦਿਨ ਪੀਪਲਜ਼ ਪਾਰਟੀ ਦਾ ਹਥੌੜਾ ਚੱਲਿਆ ਅਕਾਲੀ ਦਲ ਦੇ ਟੁੱਕੜੇ ਟੁੱਕੜੇ ਹੋ ਜਾਣਗੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆੱਫ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਅਨਾਜ ਮੰਡੀ ਮਹਿਲ ਕਲਾਂ ਵਿਖੇ ਹਲਕੇ ਦੇ ਲੋਕਾਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਅੱਜ ਤੋਂ ਚਾਰ ਮਹੀਨੇ ਬਾਅਦ ਪੰਜਾਬ ਵਿਚ ਬੰਦੇ ਦਾ ਨਹੀਂ ਸਗੋਂ ਕਾਨੂੰਨ ਦਾ ਰਾਜ ਆਵੇਗਾ ਅਤੇ ਪੀਪਲਜ਼ ਪਾਰਟੀ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਵੇਗੀ। ਸ. ਬਾਦਲ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਨਸ਼ਿਆ ਦੀ ਦਲ ਦਲ ਵਿਚ ਧਸ ਰਹੇ ਹਨ, ਦਿਨੋਂ ਦਿਨ ਵਧ ਰਹੀ ਮਹਿੰਗਾਈ ਨੇ ਪੰਜਾਬ ਦੇ ਕਿਰਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਪਰ ਸਰਕਾਰਾਂ ਅਜਿਹੇ ਵਿਚ ਵਿਕਾਸ ਦਾ ਢਿਡੋਰਾ ਪਿੱਟ ਰਹੀਆਂ ਹਨ। ਉਨ੍ਹਾਂ ਕਿ ਜਿਹੜੀ ਅਜ਼ਾਦੀ ਦੀ ਪ੍ਰਾਪਤੀ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਗੇ ਯੋਧਿਆਂ ਨੇ ਕੁਰਬਾਨੀਆਂ ਕੀਤੀ ਅਸਲੀਅਤ ਵਿਚ ਉਹ ਅਜ਼ਾਦੀ ਲੋਕਾਂ ਨੂੰ ਮਿਲੀ ਹੀ ਨਹੀਂ ਸਾਡੇ ਲੀਡਰਾਂ ਨੇ ਲੋਕਾਂ ਨੂੰ ਆਪਣੇ ਗੁਲਾਮ ਬਣਾ ਰੱਖਿਆ ਹੈ। ਉਨਾਂ ਕਿ ਪੀਪਲਜ਼ ਪਾਰਟੀ ਦੇ ਰਾਜ ਵਿਚ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਊਗੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਪੂਰੇ ਪੂਰੇ ਹੱਕ ਮਿਲਣਗੇ। ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇ ਹਾਕਮ ਪੰਜਾਬ ਦੇ ਲੋਕਾਂ ਨੂੰ ਆਪਣੀ ਰਾਜਨੀਤਕ ਫੈਕਟਰੀਆਂ ਦਾ ਕੱਚਾ ਮਾਲ ਸਮਝਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਤੇ ਟਿਪਣੀ ਕਰਦਿਆਂ ਕਿਹਾ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਲਕਿ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੈ ਕਿਉਕਿ ਕਮੇਟੀ ਮੈਂਬਰਾਂ ਅਤੇ ਅਕਾਲੀ ਲੀਡਰਾਂ ਦਾ ਧਿਆਨ ਗੁਰਦੁਆਰਿਆਂ ਉੱਤੇ ਘੱਟ ਅਤੇ ਗੁਰੂ ਦੀ ਗੋਲਕ ਨੂੰ ਹਜ਼ਮ ਕਰਨ ਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਮੈਂ ਬਚਪਨ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਦਾ ਇਕ ਬਿਆਨ ਪੜ੍ਹਦਾ ਆ ਰਿਹਾਂ ਕਿ "ਇਕ ਵਾਰ ਮੌਕਾ ਦੇ ਦਿਓ ਪੰਜਾਬ ਨੂੰ ਕੈਲੇਫੋਰਨੀਆਂ ਬਣਾ ਦਿਆਂਗਾ", ਪਰ ਅਫ਼ਸੋਸ ਇਨ੍ਹਾਂ ਲੋਕਾਂ ਨੇ ਤਾਂ ਅੱਜ ਪੰਜਾਬ ਨੂੰ ਪੰਜਾਬ ਵੀ ਰਹਿਣ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਲੀਡਰਾਂ ਵਾਂਗ ਲੋਕਾਂ ਦੀਆਂ ਭੀੜਾਂ ਇਕੱਠੀਆਂ ਨਹੀਂ ਕਰਦੇ ਸਗੋਂ ਲੋਕਾਂ ਦੀਆਂ ਪੀੜ੍ਹਾਂ ਇਕੱਠੀਆਂ ਕਰਦੇ ਹਾਂ। ਇਸ ਮੌਕੇ ਕੁਲਵੰਤ ਸਿੰਘ ਲੋਹਗੜ੍ਹ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਾਬਕਾ ਵਿਧਾਇਕ ਰਾਜ ਸਿੰਘ ਖੇੜੀ ਤੇ ਗਿਆਨੀ ਭਗਵੰਤ ਸਿੰਘ ਖ਼ਾਲਸਾ ਨੇ ਹਲਕੇ ਦੇ ਲੋਕਾਂ ਨੂੰ ਪੀਪਲਜ਼ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ। ਸਾਬਕਾ ਚੇਅਰਮੈਨ ਸਿੰਗਾਰਾ ਸਿੰਘ ਸੇਖਾ, ਜਸਵੰਤ ਸਿੰਘ ਝਲੂਰ, ਸ. ਗੁਲਬੰਤ ਸਿੰਘ ਔਲਖ, ਨੰਬਰਦਾਰ ਨਛੱਤਰ ਸਿੰਘ, ਸਰਬਜੀਤ ਸਿੰਘ ਕਲਾਲ ਮਾਜਰਾ, ਪਰਮਜੀਤ ਸਿੰਘ ਰੰਗੀਆਂ, ਬਲਵੰਤ ਸਿੰਘ ਮੱਕੜ, ਨਛੱਤਰ ਸਿੰਘ ਕਲਕੱਤਾ, ਪ੍ਰਧਾਨ ਰੂਪ ਸਿੰਘ ਸਮਰਾ ਦੀ ਅਗਵਾਈ ਹੇਠ ਸ. ਮਨਪ੍ਰੀਤ ਸਿੰਘ ਬਾਦਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਿਰ ਲੋਕਾਂ ਨੇ ਹੱਥ ਖੜ੍ਹੇ ਕਰਕੇ ਪੀਪਲਜ਼ ਪਾਰਟੀ ਦੇ ਹੱਕ ਵਿਚ ਡਟਣ ਦਾ ਐਲਾਨ ਕੀਤਾ।

Saturday, September 17, 2011

ਸੰਤ ਕਾਲਾਮਾਲਾ ਦੇ ਹੱਕ ਵਿਚ ਝੁੱਲੀ ਹਨੇਰੀ ਨੇ ਵਿਰੋਧੀਆਂ ਦੀ ਨੀਂਦ ਉਡਾਈ

►ਹਲਕਾ ਚੰਨਣਵਾਲ ਤੋਂ ਸੰਤ ਕਾਲਾਮਾਲਾ ਵਿਰੋਧੀਆਂ ਦੇ ਮੁਕਾਬਲੇ ਅੱਗੇ

ਪੱਤਰ ਪ੍ਰੇਰਕ
ਮਹਿਲ ਕਲਾਂ, 17 ਸਤੰਬਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਚੰਨਣਵਾਲ (ਜਨਰਲ) ਤੋਂ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਇਲਾਕੇ ਦੀਆਂ ਸਿੱਖ ਸੰਗਤਾਂ ਦੁਆਰਾ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰੇ ਐਸ. ਜੀ. ਪੀ. ਸੀ. ਦੇ ਦਰਵੇਸ਼ ਮੈਂਬਰ ਸੰਤ ਜਸਵੀਰ ਸਿੰਘ ਖ਼ਾਲਸਾ ਕਾਲਾਮਾਲਾ ਸਾਹਿਬ ਵਾਲਿਆਂ ਦੀ ਸ਼ਿਖਰ ਤੇ ਪੁਜੀ ਚੋਣ ਮੁਹਿੰਮ ਨੇ ਜਿੱਥੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਚੋਣ ਲੜ੍ਹ ਰਹੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਪੰਥਕ ਮੋਰਚੇ ਦੇ ਉਮੀਦਵਾਰ ਜਥੇ. ਗੁਰਮੇਲ ਸਿੰਘ ਛੀਨੀਵਾਲ ਲਈ ਵੀ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਕੱਲ੍ਹ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸੰਤ ਕਾਲਾਮਾਲਾ ਵੱਲੋਂ ਹਲਕੇ ਦੇ ਸਾਰੇ ਪਿੰਡਾਂ ਵਿਚ ਲਾਮਬੰਦ ਕੀਤਾ ਚੋਣ ਕਾਫ਼ਲਾ ਇਸ ਗੱਲ ਦਾ ਗਵਾਹ ਹੈ ਕਿ ਹਲਕੇ ਦੇ ਲੋਕ ਆਪਣੇ ਸਾਰੇ ਰਾਜਸੀ ਮਤਭੇਦ ਛੱਡ ਕੇ ਪੂਰੀ ਤਰ੍ਹਾਂ ਨਾਲ ਸੰਤ ਕਾਲਾਮਾਲਾ ਨਾਲ ਆ ਡਟੇ ਹਨ। ਹੈਰਾਨੀ ਦੀ ਗੱਲ ਹੈ ਕਿ ਸੰਤ ਕਾਲਾਮਾਲਾ ਖਿਲਾਫ਼ ਚੋਣ ਲੜ ਰਹੇ ਬਾਬਾ ਦਲਬਾਰ ਸਿੰਘ ਛੀਨੀਵਾਲ ਦੀ ਚੋਣ ਮੁਹਿੰਮ ਨੂੰ ਸਹਾਰਾ ਦੇਣ ਲਈ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਅਤੇ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਲੋਕ ਨਿਰਮਾਣ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ ਅਤੇ ਆਪਣੇ ਪ੍ਰਵਚਨਾਂ ਲਈ ਮਸ਼ਹੂਰ ਬਾਬਾ ਛੀਨੀਵਾਲ ਦੇ ਸਰਵੇ ਸਰਵਾ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਤੱਕ ਹਲਕੇ ਦਾ ਦੌਰਾ ਕਰ ਚੁੱਕੇ ਹਨ। ਪੰਥਕ ਮੋਰਚੇ ਦੇ ਉਮੀਦਵਾਰ ਜਥੇਦਾਰ ਗੁਰਮੇਲ ਸਿੰਘ ਛੀਨੀਵਾਲ ਵਾਸਤੇ ਵੋਟਾਂ ਮੰਗਣ ਲਈ ਤਾਮਿਲਨਾਡੂ ਦੇ ਸਾਬਕਾ ਰਾਜਪਾਲ ਸ. ਸੁਰਜੀਤ ਸਿੰਘ ਬਰਨਾਲਾ, ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਪ੍ਰਧਾਨ ਬੀਬੀ ਸੁਰਜੀਤ ਕੌਰ ਬਰਨਾਲਾ ਵੀ ਚੋਣ ਰੈਲੀਆਂ, ਮੀਟਿੰਗਾਂ ਨੂੰ ਸੰਬੋਧਨ ਕਰ ਚੁੱਕੇ ਹਨ। ਚੋਣ ਦੌਰਾਨ ਬੇਸ਼ੱਕ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਗੁਰਮੇਲ ਸਿੰਘ ਛੀਨੀਵਾਲ ਕਾਫ਼ੀ ਪਛੜੇ ਨਜ਼ਰ ਆਏ ਪ੍ਰੰਤੂ ਸੱਤਾਧਾਰੀ ਧਿਰ ਦੇ ਉਮੀਦਵਾਰ ਬਾਬਾ ਦਲਬਾਰ ਸਿੰਘ ਛੀਨੀਵਾਲ ਦੇ ਚੋਣ ਪ੍ਰਚਾਰ ਦੌਰਾਨ ਸਥਾਨਕ ਵੱਡੇ ਅਕਾਲੀ ਆਗੂਆਂ ਦੀਆਂ ਸਟੇਜਾਂ ਉਪਰ ਹੋਈਆਂ ਤਕਰਾਰਬਾਜ਼ੀਆਂ ਅਤੇ ਗਾਲ਼ੀ ਗਲੋਚ ਨੇ ਬਾਬਾ ਛੀਨੀਵਾਲ ਦੀ ਸਥਿਤੀ ਨੂੰ ਡਾਵਾਂਡੋਲ ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਲਕੇ ਦੇ ਪਿੰਡ ਫਰਵਾਹੀ ਵਿਚ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਅਤੇ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਗੁੱਥਮ-ਗੁੱਥਾ ਹੋ ਗਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਸਮੁੱਚੀ ਚੋਣ ਮੁਹਿੰਮ ਦੌਰਾਨ ਰਾਖਵੇਂ ਹਲਕੇ ਚੰਨਣਵਾਲ ਤੋਂ ਉਮੀਦਵਾਰ ਸੰਤ ਬਲਵੀਰ ਸਿੰਘ ਘੁੰਨਸ ਅਤੇ ਜਨਰਲ ਉਮੀਦਵਾਰ ਸੰਤ ਦਲਬਾਲ ਸਿੰਘ ਛੀਨੀਵਾਲ ਦਾ ਆਪਸੀ ਤਾਲਮੇਲ ਕਿਧਰੇ ਵੀ ਨਜ਼ਰ ਨਹੀਂ ਆਇਆ। ਭਾਂਵੇ ਦੋਵਾਂ ਉਮੀਦਵਾਰਾਂ ਨੂੰ ਇਕੱਠਿਆਂ ਨੂੰ ਚੋਣ ਪ੍ਰਚਾਰ ਕਰਨ ਲਈ ਸ. ਸੁਖਦੇਵ ਸਿੰਘ ਢੀਂਡਸਾ ਨੇ ਵਾਰ ਵਾਰ ਯਤਨ ਵੀ ਕੀਤੇ। ਇਹ ਦਿਲਚਸਪ ਹੋਵੇਗਾ ਕਿ ਹਲਕੇ ਦੀਆਂ ਲਗਪਗ ਚਾਲੀ ਹਜ਼ਾਰ ਵੋਟਾਂ ਵਿਚੋਂ ਪੰਚੀ ਹਜ਼ਾਰ ਔਰਤਾਂ ਹਨ ਅਤੇ ਇਸ ਹਕੀਕਤ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਸੰਤ ਜਸਵੀਰ ਸਿੰਘ ਕਾਲਾਮਾਲਾ ਦੇ ਸ਼ਰਧਾਲੂਆਂ ਵਿਚ ਸਭ ਤੋਂ ਵੱਧ ਗਿਣਤੀ ਬੀਬੀਆਂ ਦੀ ਹੈ। ਹਲਕੇ ਅੰਦਰ ਚੋਣ ਪ੍ਰਚਾਰ ਦੌਰਾਨ ਸੰਤ ਕਾਲਾਮਾਲਾ ਦੇ ਵਿਰੋਧੀ ਇਕ ਉਮੀਦਵਾਰ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵੱਡੀ ਪੱਧਰ ਤੇ ਅਫ਼ੀਮ, ਭੁੱਕੀ ਅਤੇ ਸ਼ਰਾਬ ਵੰਡੇ ਜਾਣ ਦੀ ਭਾਰੀ ਚਰਚਾ ਚੱਲ ਰਹੀ ਹੈ। ਵਿਰੋਧੀ ਧਿਰ ਵੱਲੋਂ ਵੋਟਾਂ ਤੋਂ ਪਹਿਲਾਂ ਕੀਤੀ ਨਸ਼ਿਆਂ ਦੀ ਵੰਡ ਨੇ ਸੰਤ ਕਾਲਾਮਾਲਾ ਦੀ ਧਾਰਮਿਕ ਸਖ਼ਸ਼ੀਅਤ ਨੂੰ ਹੋਰ ਉਭਾਰਨ ਵਿਚ ਮਦਦ ਕੀਤੀ ਹੈ। ਇਹ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆ ਚੁੱਕੀ ਹੈ ਕਿ 18 ਸਤੰਬਰ ਨੂੰ ਹੋਣ ਵਾਲੀ ਚੋਣ ਨਤੀਜਾ ਹੈਰਾਨੀਜਨਕ ਹੋਵੇਗਾ।

ਹਲਕਾ ਚੰਨਣਵਾਲ ਤੋਂ ਸੰਤ ਜਸਵੀਰ ਸਿੰਘ ਖ਼ਾਲਸਾ ਦੀ ਜਿੱਤ ਯਕੀਨੀ

►ਸੰਤ ਖ਼ਾਲਸਾ ਦੇ ਹੱਕ ਵਿਚ ਸੈਂਕੜੇ ਸਮਰਥਕਾਂ ਵੱਲੋਂ ਪ੍ਰਭਾਵਸ਼ਾਲੀ ਰੋਡ ਸ਼ੋਅ

► ਮੋਰ ਮੋਰ ਹੋਗੀ ਮਿੱਤਰੋ



ਹਲਕਾ ਚੰਨਣਵਾਲ ਵੱਖ-ਵੱਖ ਪਿੰਡਾਂ ਵਿਚ ਰੋਡ ਸ਼ੋਅ ਦੌਰਾਨ ਕਾਫ਼ਲੇ ਦੀ ਅਗਵਾਈ ਕਰਦੇ ਹੋਏ ਸੰਤ ਜਸਵੀਰ ਸਿੰਘ ਖ਼ਾਲਸਾ ਅਤੇ ਹੋਰ ਆਗੂ। (ਸੱਜੇ) ਵਿਸ਼ਾਲ ਕਾਫ਼ਲੇ ਦਾ ਦ੍ਰਿਸ਼।




ਪੱਤਰ ਪ੍ਰੇਰਕ
ਮਹਿਲ ਕਲਾਂ, 16 ਸਤੰਬਰ
ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸ਼੍ਰੋਮਣੀ ਕਮੇਟੀ ਹਲਕਾ ਚੰਨਣਵਾਲ ਤੋਂ ਪੀਪਲਜ਼ ਪਾਰਟੀ ਆੱਫ ਪੰਜਾਬ, ਸਮੁੱਚੀਆਂ ਖੱਬੀਆਂ ਪਾਰਟੀਆਂ, ਲੋਕਲ ਗੁਰਦੁਆਰਾ ਕਮੇਟੀਆਂ, ਇਲਾਕੇ ਦੀਆਂ ਸਮੂਹ ਸਮਾਜ ਸੇਵੀ ਜਥੇਬੰਦੀਆਂ, ਨੌਜਵਾਨ ਕਲੱਬਾਂ ਦੇ ਸਰਬ ਸਾਂਝੇ ਬੇਦਾਗ ਅਜ਼ਾਦ ਉਮੀਦਵਾਰ ਸੰਤ ਜਸਵੀਰ ਸਿੰਘ ਖ਼ਾਲਸਾ ਕਾਲਾਮਾਲਾ ਸਾਹਿਬ ਦੇ ਹੱਕ ਵਿਚ ਉਨ੍ਹਾਂ ਦੇ ਸਮੂਹ ਸਮਰਥਕਾਂ ਨੇ ਸੈਕੜਿਆਂ ਦੀ ਗਿਣਤੀ ਵਿਚ ਆਪਣੇ ਜੀਪਾਂ, ਕਾਰਾਂ, ਮੋਟਰਸਾਇਕਲਾਂ, ਅਤੇ ਸਕੂਟਰਾਂ ਤੇ ਸਵਾਰ ਹੋ ਕੇ ਸਮੁੱਚੇ ਹਲਕੇ ਦੇ ਪਿੰਡਾਂ ਵਿਚ ਪ੍ਰਭਾਵਸ਼ਾਲੀ ਰੋਡ ਸ਼ੋਅ ਕੀਤਾ। ਖਰਾਬ ਮੌਸਮ ਦੇ ਬਾਵਜੂਦ ਵੀ ਹਲਕੇ ਦੀਆਂ ਵੱਡੀ ਗਿਣਤੀ ਵਿਚ ਮੌਜੂਦ ਸਿੱਖ ਸੰਗਤਾਂ, ਬੀਬੀਆਂ ਅਤੇ ਨੌਜਵਾਨਾਂ ਨੇ ਬੁਲੰਦ ਹੌਸਲੇ ਅਤੇ ਜੋਸ਼ੋ ਖਰੋਸ਼ ਨਾਲ ਚੋਣ ਨਿਸ਼ਾਨ “ਮੋਰ” ਵਾਲੀਆਂ ਝੰਡੀਆਂ ਅਤੇ ਬੈਨਰ ਚੁੱਕ ਕੇ ਭਾਗ ਲਿਆ। ਇਸ ਤੋਂ ਪਹਿਲਾਂ ਦਾਣਾ ਮੰਡੀ ਮਹਿਲ ਕਲਾਂ ਵਿਖੇ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਸੰਤ ਜਸਵੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਅੱਜ ਦੇ ਇਸ ਵਿਸ਼ਾਲ ਇਕੱਠ ਵਿਚ ਸ਼ਾਮਿਲ ਹਰ ਵਗਰ ਦੀਆਂ ਸੰਗਤਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਹਲਕੇ ਦੇ ਲੋਕ ਹਰ ਕਿਸਮ ਦੀਆਂ ਜ਼ਿਆਦਤੀਆਂ ਅਤੇ ਧੱਕੇ ਧੋੜੇ ਦੇ ਖਿਲਾਫ਼ ਆਪਣੀਆਂ ਸ਼ਾਨਦਾਰ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਉਨ੍ਹਾਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਸੁਝਵਾਨ ਲੋਕ ਹੁਣ ਮੌਕਾਪ੍ਰਸਤ ਲੀਡਰਾਂ ਦੀ ਅਸਤੀਅਤ ਤੋਂ ਜਾਣੂ ਹੋ ਚੁੱਕੇ ਹੁਣ ਜਲਦ ਹੀ ਉਨ੍ਹਾਂ ਨੂੰ ਸਬਕ ਸਿਖਾ ਦੇਣਗੇ। ਭਾਈ ਮਨਜੀਤ ਸਿੰਘ ਲੋਹਟਬੱਦੀ ਨੇ ਕਿਹਾ ਕਿ ਸੰਤ ਖ਼ਾਲਸਾ ਨੇ ਗੁਰੂਘਰਾਂ ਦੀ ਸੇਵਾ ਸੰਭਾਲ ਤੋਂ ਇਲਾਵਾ ਸਮਾਜ ਸੇਵਾ ਦੇ ਖੇਤਰ ਜੋ ਮਿਸਾਲੀ ਪੈੜਾਂ ਪਾਈਆਂ ਹਨ ਉਨ੍ਹਾਂ ਤੋਂ ਲੋਕ ਭਲੀ ਭਾਂਤ ਜਾਣੂ ਹਨ ਅਤੇ ਸੰਤ ਖ਼ਾਲਸਾ ਖ਼ਿਲਾਫ ਕੂੜ ਪ੍ਰਚਾਰ ਕਰਨ ਵਾਲੇ ਪਹਿਲਾਂ ਹੀ ਨਕਾਰੇ ਜਾ ਚੁੱਕੇ ਆਗੂਆਂ ਨੂੰ ਲੋਕ 18 ਸਤੰਬਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਪੀਪਲਜ਼ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਲੋਹਗੜ੍ਹ, ਸਾਬਕਾ ਚੇਅਰਮੈਨ ਸਿੰਗਾਰਾ ਸਿੰਘ ਸੇਖਾ, ਜਸਵੰਤ ਸਿੰਘ ਝਲੂਰ ਨੇ 18 ਸਤੰਬਰ ਵਾਲੇ ਦਿਨ ਇਕ ਇਕ ਕੀਮਤੀ ਵੋਟ ਸੰਤ ਖ਼ਾਲਸਾ ਦੇ ਹੱਕ ਵਿਚ ਭੁਗਤਾਉਣ ਦੀ ਅਪੀਲ ਕੀਤੀ। ਇਸ ਮੌਕੇ ਉਤਸ਼ਾਹਿਤ ਸਿੱਖ ਸੰਗਤਾਂ ਨੇ “ਕਲਗੀਧਰ ਦੇਆ ਬੱਬਰ ਸ਼ੇਰਾ, ਪੈਲ਼ਾਂ ਪਾਉਗਾ ਮੋਰ ਤੇਰਾ” ਦੇ ਅਕਾਸ਼ ਗੁੰਜਾਊ ਨਾਅਰੇ ਲਾਏ। ਇਸ ਮੌਕੇ ਜਥੇਦਾਰ ਮੁਖਤਿਆਰ ਸਿੰਘ ਛਾਪਾ, ਪੰਚ ਗੁਰਦੀਪ ਸਿੰਘ ਸੋਢਾ, ਦਰਸ਼ਨ ਸਿੰਘ ਗਾਂਧੀ, ਭਾਈ ਗੁਰਜੰਟ ਸਿੰਘ, ਪਿਰਥੀ ਸਿੰਘ ਛਾਪਾ, ਸੂਬੇਦਾਰ ਮੁਖਤਿਆਰ ਸਿੰਘ, ਗਿਆਨੀ ਜਰਨੈਲ ਸਿੰਘ ਮਹਿਲ ਖੁਰਦ, ਸਾਬਕਾ ਵਿਧਾਇਕ ਰਾਜ ਸਿੰਘ ਖੇੜੀ, ਗੋਰਾ ਸਿੰਘ ਰਾਏਸਰ, ਕਿਸਾਨ ਆਗੂ ਗੁਰਚਰਨ ਸਿੰਘ ਚੰਨਣਵਾਲ, ਪ੍ਰਧਾਨ ਅਮਨਦੀਪ ਸਿੰਘ ਵਿੱਕੀ, ਸਾਬਕਾ ਸਰਪੰਚ ਗੁਰਜੰਟ ਸਿੰਘ ਕੁਰੜ, ਬੰਤ ਸਿੰਘ ਮਾਂਗੇਵਾਲ, ਗੁਰਦੇਵ ਸਿੰਘ ਮਹਿਲ ਖੁਰਦ ਆਦਿ ਦੀ ਅਗਵਾਈ ਹੇਠ ਇਸ ਵਿਸ਼ਾਲ ਕਾਫ਼ਲੇ ਨੇ ਸੰਤ ਖ਼ਾਲਸਾ ਦੀ ਜਿੱਤ ਤੇ ਮੋਹਰ ਲਾ ਦਿੱਤੀ।