Pages

Friday, January 28, 2011

Comrade Mall Singh Mehal Kalan - ਸਰੀਰਦਾਨੀ ਕਾਮਰੇਡ ਮੱਲ ਸਿੰਘ ਨੂੰ ਵੱਖ-ਵੱਖ ਆਗੂਆਂ ਵੱਲੋਂ ਸਰਧਾਂਜਲੀ ਭੇਂਟ

ਪੰਜਾਬ ਸਰਕਾਰ ਕਾਮਰੇਡ ਮੱਲ ਸਿੰਘ ਦੀ ਢੁੱਕਵੀਂ ਯਾਦਗਾਰ ਬਣਾਉਣ ਲਈ ਪੰਜ ਲੱਖ ਦੀ ਗਰਾਂਟ ਦਾ ਦੇਵੇਗੀ - ਸ. ਕਾਂਝਲਾ

ਕਾਮਰੇਡ ਮੱਲ ਸਿੰਘ 
          ਮਹਿਲ ਕਲਾਂ, 28 ਜਨਵਰੀ (ਬਿਊਰੋ)- ਕਿਰਤੀ ਲੋਕਾਂ ਦੇ ਹੱਕਾਂ ਦੀ ਲੜਾਈ ਲੜਨ ਵਾਲੇ ਉੱਘੇ ਸਮਾਜ ਸੇਵਕ ਸਰੀਰਦਾਨੀ ਕਾਮਰੇਡ ਮੱਲ ਸਿੰਘ ਮਹਿਲ ਕਲਾਂ ਨਮਿਤ ਅੰਤਿਮ ਅਰਦਾਸ ਉਪਰੰਤ ਭਾਈ ਗੁਰਚਰਨ ਸਿੰਘ ਭਾਈ ਕੁਲਦੀਪ ਸਿੰਘ, ਨਾਨਕਸਰ ਠਾਠ ਦੇ ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ ਦੇ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ। ਗੁਰਦੁਆਰਾ ਛੇਂਵੀ ਪਾਤਸ਼ਾਹੀ ਛੇਵੀ ਮਹਿਲ ਕਲਾਂ ਵਿਖੇ ਹੋਏ ਵਿਸ਼ਾਲ ਸਰਧਾਂਜਲੀ ਸਮਾਗਮ ਵਿਚ ਸਮੂਹ ਰਾਜਨੀਤਕ ਪਾਰਟੀਆਂ, ਧਾਰਮਿਕ ਸਮਾਜ ਸੇਵੀ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਇਲਾਕੇ ਦੇ ਪੰਚਾਂ ਸਰਪੰਚਾਂ, ਪੱਤਰਕਾਰਾਂ ਅਤੇ ਆਮ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ। 

ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਸਰੀਰਦਾਨੀ ਕਾਮਰੇਡ ਮੱਲ ਸਿੰਘ ਨੂੰ
ਸਰਧਾਂਜਲੀ ਭੇਂਟ ਕਰਦੇ ਹੋਏ ਵੱਖ-ਵੱਖ ਆਗੂ।
          ਸਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਮੀਤ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ ਨੇ ਕਿਹਾ ਕਿ ਸਰੀਰਦਾਨੀ ਬਾਪੂ ਮੱਲ ਸਿੰਘ ਨੇ ਜਿੰਦਗੀ ਭਰ ਸੱਚੀ ਸੁਚੀ ਕਿਰਤ ਕਰਕੇ ਦੂਸਰਿਆਂ ਨੂੰ ਵੀ ਕਿਰਤ ਕਰਨ ਲਈ ਪ੍ਰੇਰਿਆ ਆਖਰੀ ਸਮੇਂ ਵੀ ਉਨ੍ਹਾਂ ਦੀ ਇੱਛਾ ਅਨੁਸਾਰ ਮੈਡੀਕਲ ਖੋਜ ਕਾਰਜਾਂ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਅਯੁਰਵੈਦਿਕ ਕਾਲਜ ਪਿੰਡ ਸਰਾਭਾ (ਲੁਧਿਆਣਾ) ਲਈ ਉਨ੍ਹਾਂ ਦਾ ਸਰੀਰਦਾਨ ਕੀਤਾ ਗਿਆ। ਸ. ਕਾਂਝਲਾ ਨੇ ਬਾਪੂ ਮੱਲ ਸਿੰਘ ਦੀ ਢੁੱਕਵੀ ਯਾਦਗਾਰ ਬਣਾਉਣ ਲਈ ਪੰਜਾਬ ਸਰਕਾਰ ਤਰਫੋਂ ਪੰਜ ਲੱਖ ਰੁਪਏ ਦੀ ਗਰਾਂਟ ਜਾਰੀ ਕਰਨ ਦਾ ਐਲਾਨ ਕੀਤਾ। ਕਾਂਗਰਸ ਦੇ ਸੂਬਾ ਆਗੂ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਜਿੱਥੇ ਉਨ੍ਹਾਂ ਦਸਾਂ ਨੌਹਾਂ ਦੀ ਕਿਰਤ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਉੱਥੇ ਉਨ੍ਹਾਂ ਆਪਣੀ ਪਾਰਟੀ ਸੀ. ਪੀ. ਆਈ ਲਈ ਬਣਦੇ ਫਰਜ਼ਾਂ ਨੂੰ ਵੀ ਅਣਗੌਲਿਆ ਨਹੀਂ ਕੀਤਾ। ਧਾਰਮਿਕ ਸਖਸ਼ੀਅਤ ਮੈਂਬਰ ਸ਼੍ਰੋਮਣੀ ਕਮੇਟੀ ਸੰਤ ਜਸਵੀਰ ਸਿੰਘ ਖਾਲਸਾ ਕਾਲਾਮਾਲਾ ਸਹਿਬ ਵਾਲਿਆਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ 'ਤੇ ਚੱਲਦਿਆਂ ਕਾਮਰੇਡ ਮੱਲ ਸਿੰਘ ਨੇ ਕਿਰਤ ਦਾ ਪੱਲਾ ਨਹੀਂ ਛੱਡਿਆ। ਅਦਾਰਾ ਅਜੀਤ ਵੱਲੋਂ ਰਾਜਿੰਦਰ ਬੱਤਾ ਭਦੌੜ, ਸ਼੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਜਨਰਲ ਸਕੱਤਰ ਗੁਰਰਿੰਦਰਪਾਲ ਸਿੰਘ ਧਨੌਲਾ, ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂ, ਸ਼੍ਰੋਮਣੀ ਅਕਾਲੀ ਦਲ (ਲ) ਦੇ ਸੀਨੀਅਰ ਆਗੂ ਜਥੇ. ਗੁਰਮੇਲ ਸਿੰਘ ਛੀਨੀਵਾਲ, ਵਧੀਕ ਡਿਪਟੀ ਕਮਿਸ਼ਨਰ ਬਲਵੰਤ ਸਿੰਘ ਸ਼ੇਰਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਅਮਰ ਸਿੰਘ ਬੀ. ਏ., ਸਾਬਕਾ ਚੇਅਰਮੈਨ ਪਰਮਜੀਤ ਸਿੰਘ ਮਾਨ ਤੇ ਹਰਪ੍ਰੀਤ ਸਿੰਘ ਬਾਜਵਾ, ਸੀ. ਪੀ. ਆਈ. ਆਗੂ ਉਜਾਗਰ ਸਿੰਘ ਬੀਹਲਾ, ਮਲਕੀਤ ਸਿੰਘ ਵਜੀਦਕੇ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਪ੍ਰਧਾਨ ਗੁਰਮੇਲ ਸਿੰਘ ਸੰਧੂ, ਸਿਆਸੀ ਸਲਾਹਕਾਰ ਬਚਿੱਤਰ ਸਿੰਘ ਰਾਏਸਰ, ਸੰਤ ਹਰਨਾਮ ਸਿੰਘ ਨਾਨਕਸਰ ਠਾਠ ਮਹਿਲ ਕਲਾਂ, ਹਲਕਾ ਪ੍ਰਧਾਨ ਕਮਿੱਕਰ ਸਿੰਘ ਸੋਢੇ, ਗਿਆਨੀ ਰਾਮ ਸਿੰਘ ਬਰਨਾਲਾ, ਮਹਿੰਦਰਪਾਲ ਸਿੰਘ ਪੱਖੋ, ਕੁਲਵੰਤ ਸਿੰਘ ਲੋਹਗੜ੍ਹ, ਅਮਰ ਸਿੰਘ ਛੀਨੀਵਾਲ, ਨਿਰਭੈ ਸਿੰਘ ਛੀਨੀਵਾਲ, ਵਜ਼ੀਰ ਚੰਦ ਵਜੀਦਕੇ, ਲਖਵਿੰਦਰ ਸਿੰਘ ਸਪਰਾ, ਬਲਵਿੰਦਰ ਸਿੰਘ ਛੀਨੀਵਾਲ ਖੁਰਦ, ਸੁਖਵਿੰਦਰ ਸਿੰਘ ਸੁੱਖਾ, ਰਾਜਾ ਰਾਮ ਬੱਗੂ, ਖੇਤ ਮਜ਼ਦੂਰ ਆਗੂ ਪਰਮਜੀਤ ਸਿੰਘ ਗਾਂਧੀ, ਉੱਘੇ ਸਮਾਜ ਸੇਵੀ ਸ਼ਿੰਗਾਰਾ ਸਿੰਘ ਜਗਦੇ ਆਦਿ ਨੇ ਸਰੀਰਦਾਨੀ ਕਾਮਰੇਡ ਮੱਲ ਸਿੰਘ ਸਰਧਾਂਜਲੀ ਭੇਂਟ ਕੀਤੀ। ਇਸਤੋਂ ਪਹਿਲਾਂ ਚੇਅਰਮੈਨ ਜ਼ਿਲ੍ਹਾ ਯੋਜਨਾਂ ਬੋਰਡ ਸੰਤ ਬਲਵੀਰ ਸਿੰਘ ਘੁੰਨਸ, ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਕੀਤੂ, ਚੇਅਰਮੈਨ ਕਰਨੈਲ ਸਿੰਘ ਠੁੱਲੀਵਾਲ, ਸਾਬਕਾ ਚੇਅਰਮੈਨ ਸੰਤ ਦਲਬਾਰ ਸਿੰਘ ਛੀਨੀਵਾਲ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅਖੀਰ ਵਿਚ ਉਨ੍ਹਾਂ ਦੇ ਸਪੁੱਤਰਾਂ ਪ੍ਰੀਤਮ ਸਿੰਘ ਦਰਦੀ(ਅਜੀਤ ਸਮਾਚਾਰ), ਅਵਤਾਰ ਸਿੰਘ ਅਣਖੀ (ਅਜੀਤ) ਨੇ ਸਾਰਿਆਂ ਦਾ ਧੰਨਵਾਦ ਕੀਤਾ।
ਸਰਧਾਂਜਲੀ ਸਮਾਗਮ ਸਮੇਂ ਜੁੜਿਆ ਵਿਸ਼ਾਲ ਇਕੱਠ।

Thursday, January 27, 2011

Comrade Mall Singh Mehal Kalan - ਸਖ਼ਤ ਮਿਹਨਤ 'ਤੇ ਇਮਾਨਦਾਰੀ ਦੀ ਸਾਕਾਰ ਮੂਰਤ ਸਨ - ਸਰੀਰਦਾਨੀ ਕਾਮਰੇਡ ਮੱਲ ਸਿੰਘ ਮਹਿਲ ਕਲਾਂ

ਸਰੀਰਦਾਨੀ ਕਾਮਰੇਡ ਮੱਲ ਸਿੰਘ ਮਹਿਲ ਕਲਾਂ
     ਮਾਕਸਵਾਦ - ਲੈਨਿਨਵਾਦ ਨੂੰ ਪਰਣਾਏ ਸਰੀਰਦਾਨੀ ਕਾਮਰੇਡ ਮੱਲ ਸਿੰਘ ਮਹਿਲ ਕਲਾਂ ਦਾ ਜਨਮ 1927 ਵਿਚ ਮਾਤਾ ਬੁੱਧ ਕੌਰ ਦੀ ਕੁੱਖੋਂ ਪਿਤਾ ਵਰਿਆਮ ਸਿੰਘ ਦੇ ਘਰ ਕਸਬਾ ਮਹਿਲ ਕਲਾਂ ਵਿਖੇ ਹੋਇਆ। ਮੁੱਢਲੀ ਵਿੱਦਿਆ ਪਿੰਡ ਦੇ ਡੇਰੇ ਤੋਂ ਹੀ ਪ੍ਰਾਪਤ ਕੀਤੀ, ਹਮੇਸ਼ਾ ਯਤਨਸ਼ੀਲ ਹੋਣ ਕਰਕੇ ਹਿੰਦੀ ਭਾਸ਼ਾ ਦਾ ਗਿਆਨ ਵੀ ਪ੍ਰਾਪਤ ਕਰ ਲਿਆ। ਵਿਰਸੇ 'ਚੋਂ ਮਿਲਿਆ ਪਿਤਾ ਪੁਰਖੀ ਕੰਮ ਰਾਜਗਿਰੀ, ਲੱਕੜੀ ਦੀਆਂ ਪੇਟੀਆਂ ਅਤੇ ਸੰਦਕ ਬਣਾਉਂਣ ਦਾ ਕੰਮ ਵੀ ਕੀਤਾ ਅਤੇ ਉਸਤੋਂ ਅੱਗੇ ਲੋਹੇ ਦੇ ਖੇਤੀ ਬਾੜੀ ਦੇ ਸੰਦ ਬਣਾਉਣ ਵਿਚ ਵੀ ਉੱਚਕੋਟੀ ਦੀ ਮੁਹਾਰਤ ਹਾਸਲ ਕੀਤੀ ਅਤੇ ਆਪਣੀ ਯੋਗਤਾ ਅਤੇ ਕਿਰਤ ਨੂੰ ਬੁਲੰਦੀਆਂ ਤੇ ਪਹੁੰਚਾਇਆ। ਆਪ ਜੀ ਦੇ ਬਣਾਏ ਹੋਏ ਸੰਦਾਂ ਨੂੰ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਵੀ ਮਾਨਤਾ ਦਿੱਤੀ।
     1955-1957 ਦੌਰਾਨ ਲੱਕੜੀ ਦੇ ਹੈਡ ਮਿਸਤਰੀ ਦੇ ਤੌਰ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਘਰ ਆਪਣੇ ਪੱਚੀ ਸਾਥੀਆਂ ਸਮੇਤ ਲਗਾਤਾਰ ਤਿੰਨ ਸਾਲ ਤੱਕ ਕੰਮ ਕੀਤਾ ਅਤੇ ਆਪਣੀ ਵਿਚਾਰਧਾਰਾ 'ਤੇ ਲਗਾਤਾਰ ਪਹਿਰਾ ਦਿੰਦਿਆਂ ਨਿੱਜੀ ਤੌਰ 'ਤੇ ਬਾਦਲ ਪਰਿਵਾਰ ਤੋਂ ਕੋਈ ਲਾਭ ਨਹੀਂ ਲਿਆ। ਬਰਨਾਲਾ-ਰਾਏਕੋਟ ਸੜਕ ਹੋਂਦ ਆਉਂਣ ਤੋਂ ਬਾਅਦ ਮਹਿਲ ਕਲਾਂ ਬੱਸ ਸਟੈਂਡ ਤੇ ਬੋਰ ਕਰਨ ਵਾਲੀਆਂ ਬੂਜਲੀਆਂ ਦਾ ਕੰਮ ਵੀ ਕੀਤਾ। ਆਪਜੀ ਦੇ ਬਣਾਏ ਹੋਏ ਲੱਕੜੀ ਦੇ ਖਿਡਾਉਣੇ ਪੰਜਾਬ ਪੱਧਰ ਤੇ ਅਨੇਕਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦਾ ਵਸੀਲਾ ਬਣੇ।
     ਆਪ ਸ਼ੁਰੂ ਤੋਂ ਹੀ ਸਹਿਤ ਪ੍ਰੇਮੀ ਸਨ ਪ੍ਰਸਿੱਧ ਲੇਖਿਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵੱਲੋਂ ਸ਼ੁਰੂ ਮਾਸਿਕ ਪੱਤਰਿਕਾ "ਪ੍ਰੀਤਲੜੀ" ਹਮੇਸ਼ਾਂ ਪੜਦੇ ਰਹੇ, ਸਹਿਤ ਪੜ੍ਹਨ ਕਰਕੇ ਆਪਦੀ ਸੋਚ ਵਿਗਿਆਨਕ ਅਤੇ ਉਸਾਰੂ ਹੋ ਗਈ ਇਸੇ ਕਰਕੇ ਹੀ 1942 ਵਿਚ ਗਦਰੀ ਸ਼ੂਰਬੀਰ ਅਤੇ ਇਨਕਲਾਬੀ ਯੋਧਾ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੇ ਸੰਪਰਕ ਵਿਚ ਆਏ 'ਤੇ ਆਪ ਹਮੇਸ਼ਾਂ ਲਈ ਮਾਰਕਸਵਾਦੀ ਸੋਚ ਨੂੰ ਪਰਣਾਏ ਰਹੇ। ਇਸ ਉਪਰੰਤ ਆਪਨੇ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਦੁਆਰਾ ਲੜੀਆਂ ਲਈ ਚੋਣਾਂ ਅਤੇ ਘੋਲਾਂ ਵਿਚ ਆਗੂ ਰੋਲ ਅਦਾ ਕਰਨ ਤੋਂ ਇਲਾਵਾ ਖੁਸ਼-ਹੈਸੀਅਤ ਮੋਰਚੇ ਵਿਰੁੱਧ ਪਿੰਡ ਪਿੰਡ ਤੋਂ ਜਥੇ ਤਿਆਰ ਕਰਕੇ ਭੇਜੇ। ਸਹਿਤ ਵਿਚ ਵਿਸ਼ੇਸ ਰੁਚੀ ਹੋਣ ਕਰਕੇ ਆਪ ਜੀ ਵੱਲੋਂ ਸ਼ੁਰੂ ਕੀਤੀ ਨਿੱਜੀ ਲਾਇਬਰੇਰੀ ਦੀਆਂ ਕਿਤਾਬਾਂ ਦਾ ਭੰਡਾਰ ਅਖ਼ਿਰ ਲੈਨਿਨ ਕਿਤਾਬ ਘਰ ਬਣ ਗਿਆ, ਜੋ ਅੱਜ ਵੀ ਸਾਰੇ ਉੱਤਰੀ ਭਾਰਤ ਵਿਚ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ। 
     ਆਪ ਹਮੇਸ਼ਾਂ ਲੋਕਾਂ ਨੂੰ ਸਾਂਤੀ ਅਤੇ ਪ੍ਰੇਮ ਨਾਲ ਰਹਿਣ ਦਾ ਸੰਦੇਸ਼ ਹੀ ਨਹੀਂ ਦਿੰਦੇ ਰਹੇ ਸਗੋਂ ਲੜਾਈ ਝਗੜਿਆਂ ਨੂੰ ਨਿਪਟਾ ਕੇ ਲੋਕਾਂ ਵਿਚ ਪ੍ਰੇਮ ਭਾਵਨਾਂ ਵੀ ਪੈਦਾ ਕਰਦੇ ਰਹੇ। ਆਪਦੀ ਪਰਪੱਕ ਸੋਚ ਦਾ ਪਤਾ ਆਪਜੀ ਦੇ ਸਰੀਰਦਾਨ ਕਰਨ ਤੋਂ ਸਹਿਜੇ ਹੀ ਨਜ਼ਰੀਂ ਪੈਦਾ ਹੈ। ਜਿਥੇ ਆਪ ਨੇ ਆਪਣੇ ਜੀਵਨ ਨੂੰ ਸਮਾਜ ਦੇ ਲੇਖੇ ਲਾਇਆ ਉੱਥੇ ਸਰੀਰ ਦਾਨ ਕਰਕੇ ਆਪਣੇ ਅੰਤਿਮ ਸਾਹਾਂ ਨੂੰ ਲੋਕਾਈ ਦੇ ਲੇਖੇ ਲਾ ਗਏ।
     ਆਪ ਜੀ ਦੇ ਦਰਸਾਏ ਮਾਰਗ 'ਤੇ ਚੱਲਦੇ ਹੋਏ ਆਪ ਜੀ ਦੇ ਬੇਟੇ ਪ੍ਰੀਤਮ ਸਿੰਘ ਦਰਦੀ, ਅਵਤਾਰ ਸਿੰਘ ਅਣਖੀ ਜਿੱਥੇ ਸਮਾਜ ਸੇਵਾ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਉੱਥੇ ਪੱਤਰਕਾਰਤਾ ਦੇ ਖੇਤਰ ਵਿਚ ਮਾਨਵੀ ਨੈਤਿਕ ਕਦਰਾਂ ਕੀਮਤਾਂ ਦੀ ਰਾਖੀ ਲਈ ਉਸਾਰੂ ਰੋਲ ਅਦਾ ਕਰ ਰਹੇ ਹਨ। ਸਰੀਰਦਾਨੀ ਕਾਮਰੇਡ ਮੱਲ ਸਿੰਘ ਨਮਿਤ ਸ੍ਰੀ ਸਹਿਜ ਪਾਠ ਸਹਿਬ ਦਾ ਭੋਗ ਅਤੇ ਸਰਧਾਂਜਲੀ ਸਮਾਗਮ 28 ਜਨਵਰੀ ਸ਼ੁੱਕਰਵਾਰ ਨੂੰ ਗੁਰਦੁਆਰਾ ਸਹਿਬ ਪਾਤਸ਼ਾਹੀ ਛੇਂਵੀ ਮਹਿਲ ਕਲਾਂ (ਬਰਨਾਲਾ) ਵਿਖੇ ਇਕ ਵਜੇ ਹੋ ਰਿਹਾ ਹੈ। ਇਸ ਸਮੇਂ ਵੱਖ-ਵੱਖ ਰਾਜਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

ਮੰਜ਼ਿਲ 'ਤੇ ਤੁਰਦੇ ਜੋ ਰਾਹੀ ਮੰਜ਼ਿਲ ਸਰ ਕਰ ਹੀ ਜਾਂਦੇ ਨੇ,
ਜਗਣ ਝੱਖੜਾਂ 'ਚ ਜੋ ਦੀਵੇ ਰੌਸ਼ਨੀ ਕਰ ਹੀ ਜਾਂਦੇ ਨੇ।

ਲੇਖਕ
ਗੁਰਪ੍ਰੀਤ ਸਿੰਘ ਅਣਖੀ
ਮਹਿਲ ਕਲਾਂ (ਬਰਨਾਲਾ)
ਮੋਬਾਇਲ:+91 99145 65135

Tuesday, January 25, 2011

Gobind Singh Kanjhla - ਗਰਾਂਟਾ ਦੀ ਵੰਡ ਤੋਂ ਪਹਿਲਾਂ ਪਿੰਡ ਪਿੰਡ ਜਾ ਕੇ ਸਰਵੇਖਣ ਕੀਤਾ ਜਾਵੇਗਾ - ਕਾਂਝਲਾ

ਪਿੰਡ ਠੁੱਲੀਵਾਲ ਵਿਖੇ ਵਿਸ਼ਾਲ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ
ਪ੍ਰਮੁੱਖ ਹਲਕਾ ਇੰਚਾਰਜ਼।
ਮਹਿਲ ਕਲਾਂ 25 ਜਨਵਰੀ (ਅਣਖੀ)- ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਮੀਤ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ ਪ੍ਰਮੁੱਖ ਹਲਕਾ ਇੰਚਾਰਜ਼ ਨੇ ਅੱਜ ਪਿੰਡ ਠੁੱਲੀਵਾਲ ਵਿਖੇ ਯੂਥ ਆਗੂ ਰਾਜਵਿੰਦਰ ਸਿੰਘ ਕਾਲਾ ਦੀ ਅਗਵਾਈ ਹੇਠ ਹੋਈ ਵਿਸ਼ਾਲ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪਿੰਡ ਦੀ ਨੁਹਾਰ ਬਦਲਣ ਲਈ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਅਗਲੇ ਕੁੱਝ ਸਮੇਂ ਵਿਚ ਹਲਕੇ ਦੀਆਂ ਸਮੂਹ ਪੰਚਾਇਤਾਂ ਨੂੰ ਪਿੰਡਾ ਦੇ ਪਛੜਪਨ ਨੁੰ ਦੂਰ ਕਰਨ ਲਈ ਗਰਾਂਟਾ ਦੀ ਵੰਡ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਮਹਿਲ ਕਲਾਂ ਵਿਖੇ ਹੋਣ ਵਾਲੇ ਸੰਗਤ ਦਰਸ਼ਨ ਦੌਰਾਨ ਕਰਨਗੇ। ਉਸਤੋਂ ਪਹਿਲਾਂ ਉਨ੍ਹਾਂ ਵੱਲੋਂ ਪਿੰਡ ਪਿੰਡ ਜਾ ਕੇ ਇਹ ਸਰਵੇਖਣ ਕੀਤਾ ਜਾਵੇਗਾ ਕਿ ਕਿਸ ਪਿੰਡ ਨੂੰ ਕਿੰਨੀ ਗਰਾਂਟ ਦੀ ਜ਼ਰੂਰਤ ਹੈ। ਸ. ਕਾਂਝਲਾ ਨੇ ਵੱਡੇ ਘੱਲੂਘਾਰੇ ਦੇ ਮਹਾਨ ਸਹੀਦਾਂ ਦੀ ਯਾਦ ਵਿਚ ਪਿੰਡ ਕੁਤਬਾ ਵਿਖੇ ਫਰਵਰੀ ਕੀਤੀ ਵਿਸ਼ਾਲ ਸ਼ਹੀਦੀ ਕਾਨਫਰੰਸ ਵਿਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਪਿੰਡ ਵਾਸੀਆਂ ਵੱਲੋਂ ਉਠਾਈਆਂ ਮੰਗਾਂ ਦੇ ਮੱਦੇਨਜ਼ਰ ਪਿੰਡ ਦੇ ਵਿਕਾਸ ਲਈ 10 ਰੁਪਏ ਗਰਾਂਟ ਭੇਜਣ ਅਤੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਗੁਰਮ ਤੱਕ ਲਿੰਕ ਸੜਕ ਆਦਿ ਮੰਗਾਂ ਪਹਿਲ ਦੇ ਅਧਾਰ ਤੇ ਪੂਰਾ ਕਰਵਾਉਣ ਦਾ ਐਲਾਨ ਕੀਤਾ। ਸ. ਕਾਂਝਲਾ ਨੇ ਇਸ ਮੌਕੇ ਦੇਸ਼ ਏਕਤਾ ਅਖੰਡਤਾ ਦੀ ਰਾਖੀ ਕਰਦਿਆਂ ਸ਼ਹੀਦੀ ਪ੍ਰਾਪਤ ਕਰ ਗਏ ਤਿੰਨ ਮਹਾਨ ਸ਼ਹੀਦਾਂ ਦੇ ਬੁੱਤ ਉੱਪਰ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਇਸ ਮੌਕੇ ਵਾਈਸ ਚੇਅਰਮੈਨ ਮਲਕੀਤ ਸਿੰਘ ਚੀਮਾਂ, ਬਾਬਾ ਨਿਰਮਲ ਸਿੰਘ ਠੁੱਲੀਵਾਲ, ਬਾਬਾ ਰਾਮਦੇਵ ਸਿੰਘ ਯੂ. ਪੀ. ਵਾਲੇ, ਜਥੇ. ਸਾਧੂ ਸਿੰਘ ਠੁੱਲੀਵਾਲ, ਯੂਥ ਆਗੂ ਸੁਖਵਿੰਦਰ ਸਿੰਘ ਸੁੱਖਾ, ਜਸਵਿੰਦਰ ਸਿੰਘ ਦੀਦਾਰਗੜ੍ਹ, ਰਾਜਵਿੰਦਰ ਸਿੰਘ ਕਾਲਾ, ਕਲੱਟਰ ਸਿੰਘ ਪੰਡੋਰੀ, ਦਲਿਤ ਆਗੂ ਬਲਦੀਪ ਸਿੰਘ ਮਹਿਲ ਖੁਰਦ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ, ਬਲਜੀਤ ਸਿੰਘ ਸੋਹੀ, ਜੀਤ ਸਿੰਘ ਗਰੇਵਾਲ, ਜਗਜੀਤ ਸਿੰਘ, ਹਰਦੇਵ ਸਿੰਘ ਸੋਹੀ, ਹਮੀਰ ਸਿੰਘ ਮਾਂਗਟ ਆਦਿ ਨੇ ਵੀ ਸ. ਕਾਂਝਲਾ ਨੂੰ ਹਰ ਪੱਖੋ ਸਹਿਯੋਗ ਦੇਣ ਦਾ ਐਲਾਨ ਕੀਤਾ।

Sant Jasvir Singh Khalsa Kalamala Sahib - ਸੰਤ ਜਸਵੀਰ ਸਿੰਘ ਖਾਲਸਾ ਵੱਲੋਂ ਵੀਹ ਹਜ਼ਾਰ ਰੁਪਏ ਦੀ ਰਾਸ਼ੀ ਭੇਂਟ

ਕਲਾਲ ਮਾਜਰਾ ਵਿਖੇ ਵੀਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਬੰਧਕ ਕਮੇਟੀ ਨੂੰ ਭੇਂਟ ਕਰਦੇ ਹੋਏ ਮੈਂਬਰ ਸੰਤ ਜਸਵੀਰ ਸਿੰਘ ਖਾਲਸਾ ਸ਼੍ਰੋਮਣੀ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ।
ਮਹਿਲ ਕਲਾਂ, 25 ਜਨਵਰੀ (ਅਣਖੀ)- ਹਲਕਾ ਮਹਿਲ ਕਲਾਂ ਦੇ ਗੁਆਂਢੀ ਪਿੰਡ ਕਲਾਲ ਮਾਜਰਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਚੰਨਣਵਾਲ ਤੋਂ ਮੈਂਬਰ ਸੰਤ ਜਸਵੀਰ ਸਿੰਘ ਖਾਲਸਾ ਕਾਲਾਮਾਲਾ ਸਾਹਿਬ ਵਾਲਿਆਂ ਨੇ ਆਪਣੇ ਅਖਤਿਆਰੀ ਫੰਡ ਵਿਚੋਂ ਗੁਰਦਆਰਾ ਸਹਿਬ ਕਲਾਲ ਮਾਜਰਾ ਦੇ ਲੰਗਰ ਹਾਲ ਲਈ ਵੀਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਬੰਧਕ ਕਮੇਟੀ ਨੂੰ ਭੇਂਟ ਕਰਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਸੰਤ ਖਾਲਸਾ ਨੇ ਸਮੂਹ ਸੰਗਤਾਂ ਨੂੰ ਗੁਰੁ ਸਹਿਬਾਨ ਦੇ ਦਰਸਾਏ ਮਾਰਗ 'ਤੇ ਚੱਲ ਕੇ ਪਰਿਵਾਰਾਂ ਸਮੇਤ ਗੁਰਸਿੱਖੀ ਜੀਵਨ ਧਾਰਨ ਕਰਨ ਦੀ ਅਪੀਲ ਕੀਤੀ। ਗਿਆਨੀ ਮਹਿਮਾ ਸਿੰਘ ਲੋਹਟਬੱਦੀ ਦਮਦਮੀ ਟਕਸਾਲ ਵਾਲਿਆਂ ਨੇ ਸਮਾਜਿਕ ਅਲਾਮਤਾ ਵਿਰੁੱਧ ਸਮੂਹ ਸਿੱਖ ਭਾਈਚਾਰੇ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਧਾਲੀਵਾਲ, ਸਰੂਪ ਸਿੰਘ ਮੰਡੇਰ, ਕੁਲਦੀਪ ਸਿੰਘ ਸਾਬਕਾ ਸਰਪੰਚ, ਸੇਵਕ ਸਿੰਘ, ਭਾਈ ਗੁਰਪ੍ਰੀਤ ਸਿੰਘ, ਉਜਾਗਰ ਸਿੰਘ, ਮਹਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਕਮੇਟੀ ਮੈਂਬਰ, ਮੁਖਤਿਆਰ ਸਿੰਘ, ਬਲਵਿੰਦਰ ਸਿੰਘ ਗਿੱਲ, ਬਲਦੇਵ ਸਿੰਘ ਆਦਿ ਵੀ ਹਾਜ਼ਰ ਸਨ।

Monday, January 24, 2011

ਗਹਿਲ ਵਿਖੇ ਘੱਲੂਘਾਰੇ ਦੇ 35000 ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 32ਵਾਂ ਪੇਂਡੂ ਖੇਡ ਮੇਲਾ ਸਮਾਪਤ

ਗਹਿਲ ਵਿਖੇ ਕਰਵਾਏ ਪੇਂਡੂ ਖੇਡ ਮੇਲੇ ਦੌਰਾਨ ਖਿਡਾਰੀਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ ਅਤੇ ਹੋਰ ਝਲਕੀਆਂ।
ਮਹਿਲ ਕਲਾਂ, 25 ਜਨਵਰੀ (ਅਣਖੀ)- ਹਲਕਾ ਮਹਿਲ ਕਲਾਂ ਦੇ ਪਿੰਡ ਗਹਿਲ ਵਿਖੇ ਘੱਲੂਘਾਰਾ ਸਪੋਰਟਸ ਕਲੱਬ (ਰਜਿ:) ਗਹਿਲ ਵੱਲੋਂ ਗ੍ਰਾਮ ਪੰਚਾਇਤ, ਐੱਨ. ਆਰ. ਆਈਜ਼ ਅਤੇ ਸਮੂਹ ਨਗਰ ਨਿਵਾਸੀਆਂ ਦੇ ਭਰਵੇਂ ਸਹਿਯੋਗ ਨਾਲ  ਕਰਵਾਇਆ ਵੱਡੇ ਘੱਲੂਘਾਰੇ ਦੇ  35000 ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 32ਵਾਂ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਬਖ਼ੇਰਦਾ ਹੋਇਆ ਸਫ਼ਲਤਾ ਪੂਰਬਕ ਸਮਾਪਤ ਹੋਇਆ। ਇਸ ਤਿੰਨ ਰੋਜ਼ਾ ਪੇਂਡੂ ਖੇਡ ਮੇਲੇ ਦਾ ਉਦਘਾਟਨ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਅਤੇ ਸਮੂਹ ਗ੍ਰਾਮ ਪੰਚਾਇਤ ਗਹਿਲ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਾਬਕਾ ਕੈਬਨਿਟ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ ਪ੍ਰਮੁੱਖ ਹਲਕਾ ਇੰਚਾਰਜ਼ ਮਹਿਲ ਕਲਾਂ ਨੇ ਪ੍ਰਬੰਧਕਾਂ ਨੂੰ ਇਸ ਉੱਦਮ ਦੀ ਵਧਾਈ ਦਿੰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿਕੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕਰਦਿਆਂ ਘੱਲੂਘਾਰਾ ਸਪੋਰਟਸ ਕਲੱਬ ਨੂੰ ਸਟੇਡੀਅਮ ਬਣਾਉਂਣ ਦੋ ਲੱਖ ਰੁਪਏ ਦੀ ਗਰਾਂਟ ਭੇਜਣ ਅਤੇ ਇਕ ਬੈਂਕ ਬਣਾਉਣ ਦਾ ਐਲਾਨ ਕੀਤਾ। ਕਾਂਗਰਸ ਦੇ ਵਿਜੈ ਇੰਦਰ ਸਿੰਗਲਾ ਮੈਂਬਰ ਲੋਕ ਸਭਾ, ਸੂਬਾਈ ਆਗੂ ਵਿਧਾਇਕਾ ਹਰਚੰਦ ਕੌਰ ਘਨੌਰੀ, ਐੱਸ ਐੱਸ ਪੀ ਬਰਨਾਲਾ ਗੁਰਪ੍ਰੀਤ ਸਿੰਘ ਤੂਰ ਅਤੇ ਕਾਲਜ਼ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਸੰਧੂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਹਾਜ਼ਰੀ ਲਵਾਈ। ਖੇਡ ਮੇਲੇ ਦੇ ਅੰਤਿਮ ਨਤੀਜੇ ਅਨੁਸਾਰ ਕਬੱਡੀ 37ਕਿਲੋ 'ਚੋਂ ਝਲੂਰ-ਨੈਣੇਵਾਲ, ਕਬੱਡੀ 52ਕਿਲੋ ਰੌਂਤਾ-ਚਾਂਗਲੀ, 60ਕਿਲੋ ਦੀਪਗੜ੍ਹ-ਮਹਿਰਜ, 70ਕਿਲੋ ਬੀਹਲਾ-ਰਾਈਆ ਟੀਮਾਂ ਨੇ ਕ੍ਰਮਵਾਰ ਪਹਿਲਾ-ਦੂਜਾ ਇਨਾਮ ਪ੍ਰਾਪਤ ਕੀਤਾ। ਕਬੱਡੀ ਓਪਨ ਦੇ ਫਸਵੇਂ ਗਹਿਗੱਚ ਮੁਕਾਬਲੇ ਵਿਚੋਂ ਚੰਨਣਵਲ ਦੀ ਟੀਮ ਦੇ ਖਿਡਾਰੀਆਂ ਨੇ ਬੱਸੀਆਂ ਨੂੰ ਹਰਾ ਕੇ ਬਾਜ਼ੀ ਮਾਰੀ। ਫੁੱਟਬਾਲ ਓਪਨ ਸਹੌਲੀ ਨੇ ਪਹਿਲਾ ਅਤੇ ਗਹਿਲ ਨੇ ਦੂਜਾ ਇਨਾਮ ਪ੍ਰਾਪਤ ਕੀਤਾ। ਖੇਡ ਮੇਲੇ ਦੌਰਾਨ ਦੀਪ ਹਿੰਮਤਪਰਾ ਵਧੀਆਂ ਰੇਡਰ ਅਤੇ ਗੋਪੀ ਚੰਨਣਵਾਲ ਨੂੰ ਵਧੀਆ ਜਾਫੀ ਦੇ ਤੌਰ ਤੇ 5100-5100 ਰੁਪਏ ਦਾ ਵਿਸ਼ੇਸ ਇਨਾਮ ਦਿੱਤਾ ਗਿਆ। ਜੇਤੂਆਂ ਟੀਮਾਂ ਅਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਨ ਦੀ ਰਸਮ ਪ੍ਰਧਾਨ ਖੁਸ਼ਵੰਤ ਸਿੰਘ, ਮੀਤ ਪ੍ਰਧਾਨ ਜਸਵੰਤ ਸਿੰਘ, ਸਕੱਤਰ ਤਰਲੋਚਨ ਸਿੰਘ, ਖਜਾਨਚੀ ਬਲਜਿੰਦਰਪਾਲ ਸਿੰਘ ਮਾਨ ਤੇ ਵਜ਼ੀਰ ਸਿੰਘ, ਸੋਸਾਇਟੀ ਪ੍ਰਧਾਨ ਦਰਸ਼ਨ ਸਿੰਘ ਮਾਨ, ਜਗਦੇਵ ਸਿੰਘ ਸੰਧੂ, ਜਥੇ, ਨਿਸ਼ਾਨ ਸਿੰਘ ਗਹਿਲ, ਯੂਥ ਕਾਂਗਰਸੀ ਆਗੂ ਦਲਜੀਤ ਮਾਨ, ਯੂਥ ਅਕਾਲੀ ਆਗੂ ਗੁਰਜੰਟ ਗਹਿਲ ਆਦਿ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ ਤੇ ਨਿਭਾਈ। ਟੂਰਨਾਮੈਂਟ ਦੀ ਕੁਮੈਟਰੀ ਸੰਦੀਪ ਝੱਲੀ ਕੁਰੜ, ਸਤਪਾਲ ਸਿੰਘ ਹੇਰਾਂ ਅਤੇ ਸ਼ਰਮਾਂ ਜਲਾਲ ਨੇ ਬੜੇ ਰੌਚਕ ਢੰਗ ਨਾਲ ਕੀਤੀ।

ਮਹਿਲ ਕਲਾਂ 'ਚ ਕਬੱਡੀ ਟੂਰਨਾਮੈਂਟ ਮਿਤੀ 26 ਤੇ 27 ਫਰਵਰੀ ਨੂੰ

ਮਹਿਲ ਕਲਾਂ 25 ਜਨਵਰੀ (ਅਣਖੀ)- ਸ਼ਹੀਦ ਬਾਬਾ ਜੰਗ ਸਿੰਘ ਕਬੱਡੀ ਸਪੋਰਟਸ ਐੱਡ ਵੈਲਫੇਅਰ ਕਲੱਬ ਮਹਿਲ ਕਲਾਂ ਦੇ ਸਮੂਹ ਅਹੁਦੇਦਾਰਾਂ ਅਤੇ ਪਿੰਡ ਦੇ ਮੋਹਤਵਰ ਵਿਆਕਤੀਆਂ ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਪ੍ਰਧਾਨ ਗੁਰਿੰਦਰਪ੍ਰੀਤ ਸਿੰਘ ਬੱਬੀ ਚੀਮਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਕਬੱਡੀ ਟੂਰਨਾਮੈਂਟ ਮਿਤੀ 26 ਤੇ 27 ਫਰਵਰੀ ਨੂੰ ਕਰਵਾਉਂਣ ਦਾ ਫੈਸਲਾ ਸਰਬ ਸੰਮਤੀ ਨਾਲ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਚੇਅਰਮੈਨ ਕੁਲਵੰਤ ਸਿੰਘ ਫੌਜੀ, ਸੀਨੀਅਰ ਮੀਤ ਪ੍ਰਧਾਨ ਰਣਦੀਪ ਸਿੰਘ ਹੇਹਰ, ਨੇ ਦੱਸਿਆ ਕਿ ਇਸ ਦੌਰਾਨ ਕਬੱਡੀ 29, 43, 53, 68 ਅਤੇ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ। ਕਬੱਡੀ ਓਪਨ ਜੇਤੂ ਟੀਮ ਨੂੰ ਪਹਿਲਾ ਇਨਾਮ 51ਹਜ਼ਾਰ ਅਤੇ ਦੂਜਾ ਇਨਾਮ 31ਹਜ਼ਾਰ ਰੁਪਏ ਦਿੱਤੇ ਜਾਣ ਤੋਂ ਇਲਾਵਾ ਵਧੀਆਂ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।

ਸਰੀਰਦਾਨੀ ਕਾਮਰੇਡ ਮੱਲ ਸਿੰਘ ਮਹਿਲ ਕਲਾਂ ਦਾ ਦੇਹਾਂਤ


ਪ੍ਰੈੱਸ ਕਲੱਬ ਮਹਿਲ ਕਲਾਂ (ਬਰਨਾਲਾ) ਦੇ ਸਰਪ੍ਰਸਤ ਪ੍ਰੀਤਮ ਸਿੰਘ ਦਰਦੀ ਪੱਤਰਕਾਰ "ਅਜੀਤ ਸਮਾਚਾਰ" ਅਤੇ ਮਹਿਲ ਕਲਾਂ ਤੋਂ ਰੋਜ਼ਾਨਾ ਅਜੀਤ ਦੇ ਸੀਨੀਅਰ ਪੱਤਰਕਾਰ ਸ. ਅਵਤਾਰ ਸਿੰਘ ਅਣਖੀ ਪ੍ਰਧਾਨ ਪ੍ਰੈੱਸ ਕਲੱਬ ਮਹਿਲ ਕਲਾਂ (ਬਰਨਾਲਾ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋ ਉਨ੍ਹਾਂ ਦੇ ਪਿਤਾ ਉੱਘੇ ਕਮਿਊਨਿਸਟ ਆਗੂ ਸਰੀਰਦਾਨੀ ਕਾਮਰੇਡ ਮੱਲ ਸਿੰਘ (85) ਬੀਤੀ 19 ਜਨਵਰੀ ਦੀ ਸਵੇਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਅਯੁਰਵੈਦਿਕ ਮੈਡੀਕਲ ਕਾਲਜ਼ ਪਿੰਡ ਸਰਾਭਾ (ਲੁਧਿਆਣਾ) ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰ ਦਿੱਤਾ ਗਿਆ। ਅੰਤਿਮ ਵਿਦਾਇਗੀ ਮੌਕੇ ਸਰੀਰਦਾਨੀ ਕਾਮਰੇਡ ਮੱਲ ਸਿੰਘ ਅਮਰ ਰਹੇ, ਅਤੇ ਸਰੀਰਦਾਨੀ ਕਾਮਰੇਡ ਮੱਲ ਸਿੰਘ ਤੈਨੂੰ ਲਾਲ ਸਲਾਮ ਦੇ ਅਕਾਸ਼ ਗੂੰਜਾਊ ਨਾਅਰੇ ਲਗਾਏ ਗਏ। ਬਾਪੂ ਜੀ ਨੂੰ ਜਿੱਥੇ ਸੀ. ਪੀ. ਆਈ ਆਗੂ ਗੁਰਸੇਵਕ ਸਿੰਘ ਅਤੇ ਸੁਰਿੰਦਰ ਸਿੰਘ ਜਲਾਲਦੀਵਾਲ ਦੇ ਅਗਵਾਈ ਹੇਠ ਪਾਰਟੀ ਦਾ ਝੰਡਾ ਅਰਪਤ ਕੀਤਾ ਉੱਥੇ ਇਲਾਕੇ ਭਰ ਵਿਚੋਂ ਰਾਜਨੀਤਕ, ਧਾਰਮਿਕ, ਸਮਾਜਿਕ ਆਗੂਆਂ ਤੋਂ ਇਲਾਵਾ ਇਲਾਕੇ ਦੇ ਪੰਚਾਂ ਸਰਪੰਚਾ, ਸਮਾਜ ਸੇਵੀ ਸੰਸਥਾਵਾਂ ਦੇ ਆਗਆਂ, ਮਿੱਤਰ ਸੁਨੇਹੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਲ ਲੋਕਾਂ ਵੱਲੋਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਬਾਪੂ ਜੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 28 ਜਨਵਰੀ ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 1 ਵਜੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ (ਬਰਨਾਲਾ) ਵਿਖੇ ਹੋ ਰਿਹਾ ਹੈ ਜਿੱਥੇ ਵੱਖ-ਵੱਖ ਰਾਜਸੀ ਧਾਰਮਿਕ ਸਮਾਜਿਕ ਨੁਮਾਇੰਦੇ ਸਰੀਰਦਾਨੀ ਕਾਮਰੇਡ ਬਾਪੂ ਮੱਲ ਸਿੰਘ ਜੀ ਨੂੰ ਸਰਧਾਂਜਲੀ ਭੇਂਟ ਕਰਨਗੇ।