Pages

Thursday, January 27, 2011

Comrade Mall Singh Mehal Kalan - ਸਖ਼ਤ ਮਿਹਨਤ 'ਤੇ ਇਮਾਨਦਾਰੀ ਦੀ ਸਾਕਾਰ ਮੂਰਤ ਸਨ - ਸਰੀਰਦਾਨੀ ਕਾਮਰੇਡ ਮੱਲ ਸਿੰਘ ਮਹਿਲ ਕਲਾਂ

ਸਰੀਰਦਾਨੀ ਕਾਮਰੇਡ ਮੱਲ ਸਿੰਘ ਮਹਿਲ ਕਲਾਂ
     ਮਾਕਸਵਾਦ - ਲੈਨਿਨਵਾਦ ਨੂੰ ਪਰਣਾਏ ਸਰੀਰਦਾਨੀ ਕਾਮਰੇਡ ਮੱਲ ਸਿੰਘ ਮਹਿਲ ਕਲਾਂ ਦਾ ਜਨਮ 1927 ਵਿਚ ਮਾਤਾ ਬੁੱਧ ਕੌਰ ਦੀ ਕੁੱਖੋਂ ਪਿਤਾ ਵਰਿਆਮ ਸਿੰਘ ਦੇ ਘਰ ਕਸਬਾ ਮਹਿਲ ਕਲਾਂ ਵਿਖੇ ਹੋਇਆ। ਮੁੱਢਲੀ ਵਿੱਦਿਆ ਪਿੰਡ ਦੇ ਡੇਰੇ ਤੋਂ ਹੀ ਪ੍ਰਾਪਤ ਕੀਤੀ, ਹਮੇਸ਼ਾ ਯਤਨਸ਼ੀਲ ਹੋਣ ਕਰਕੇ ਹਿੰਦੀ ਭਾਸ਼ਾ ਦਾ ਗਿਆਨ ਵੀ ਪ੍ਰਾਪਤ ਕਰ ਲਿਆ। ਵਿਰਸੇ 'ਚੋਂ ਮਿਲਿਆ ਪਿਤਾ ਪੁਰਖੀ ਕੰਮ ਰਾਜਗਿਰੀ, ਲੱਕੜੀ ਦੀਆਂ ਪੇਟੀਆਂ ਅਤੇ ਸੰਦਕ ਬਣਾਉਂਣ ਦਾ ਕੰਮ ਵੀ ਕੀਤਾ ਅਤੇ ਉਸਤੋਂ ਅੱਗੇ ਲੋਹੇ ਦੇ ਖੇਤੀ ਬਾੜੀ ਦੇ ਸੰਦ ਬਣਾਉਣ ਵਿਚ ਵੀ ਉੱਚਕੋਟੀ ਦੀ ਮੁਹਾਰਤ ਹਾਸਲ ਕੀਤੀ ਅਤੇ ਆਪਣੀ ਯੋਗਤਾ ਅਤੇ ਕਿਰਤ ਨੂੰ ਬੁਲੰਦੀਆਂ ਤੇ ਪਹੁੰਚਾਇਆ। ਆਪ ਜੀ ਦੇ ਬਣਾਏ ਹੋਏ ਸੰਦਾਂ ਨੂੰ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਵੀ ਮਾਨਤਾ ਦਿੱਤੀ।
     1955-1957 ਦੌਰਾਨ ਲੱਕੜੀ ਦੇ ਹੈਡ ਮਿਸਤਰੀ ਦੇ ਤੌਰ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਘਰ ਆਪਣੇ ਪੱਚੀ ਸਾਥੀਆਂ ਸਮੇਤ ਲਗਾਤਾਰ ਤਿੰਨ ਸਾਲ ਤੱਕ ਕੰਮ ਕੀਤਾ ਅਤੇ ਆਪਣੀ ਵਿਚਾਰਧਾਰਾ 'ਤੇ ਲਗਾਤਾਰ ਪਹਿਰਾ ਦਿੰਦਿਆਂ ਨਿੱਜੀ ਤੌਰ 'ਤੇ ਬਾਦਲ ਪਰਿਵਾਰ ਤੋਂ ਕੋਈ ਲਾਭ ਨਹੀਂ ਲਿਆ। ਬਰਨਾਲਾ-ਰਾਏਕੋਟ ਸੜਕ ਹੋਂਦ ਆਉਂਣ ਤੋਂ ਬਾਅਦ ਮਹਿਲ ਕਲਾਂ ਬੱਸ ਸਟੈਂਡ ਤੇ ਬੋਰ ਕਰਨ ਵਾਲੀਆਂ ਬੂਜਲੀਆਂ ਦਾ ਕੰਮ ਵੀ ਕੀਤਾ। ਆਪਜੀ ਦੇ ਬਣਾਏ ਹੋਏ ਲੱਕੜੀ ਦੇ ਖਿਡਾਉਣੇ ਪੰਜਾਬ ਪੱਧਰ ਤੇ ਅਨੇਕਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦਾ ਵਸੀਲਾ ਬਣੇ।
     ਆਪ ਸ਼ੁਰੂ ਤੋਂ ਹੀ ਸਹਿਤ ਪ੍ਰੇਮੀ ਸਨ ਪ੍ਰਸਿੱਧ ਲੇਖਿਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵੱਲੋਂ ਸ਼ੁਰੂ ਮਾਸਿਕ ਪੱਤਰਿਕਾ "ਪ੍ਰੀਤਲੜੀ" ਹਮੇਸ਼ਾਂ ਪੜਦੇ ਰਹੇ, ਸਹਿਤ ਪੜ੍ਹਨ ਕਰਕੇ ਆਪਦੀ ਸੋਚ ਵਿਗਿਆਨਕ ਅਤੇ ਉਸਾਰੂ ਹੋ ਗਈ ਇਸੇ ਕਰਕੇ ਹੀ 1942 ਵਿਚ ਗਦਰੀ ਸ਼ੂਰਬੀਰ ਅਤੇ ਇਨਕਲਾਬੀ ਯੋਧਾ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੇ ਸੰਪਰਕ ਵਿਚ ਆਏ 'ਤੇ ਆਪ ਹਮੇਸ਼ਾਂ ਲਈ ਮਾਰਕਸਵਾਦੀ ਸੋਚ ਨੂੰ ਪਰਣਾਏ ਰਹੇ। ਇਸ ਉਪਰੰਤ ਆਪਨੇ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਦੁਆਰਾ ਲੜੀਆਂ ਲਈ ਚੋਣਾਂ ਅਤੇ ਘੋਲਾਂ ਵਿਚ ਆਗੂ ਰੋਲ ਅਦਾ ਕਰਨ ਤੋਂ ਇਲਾਵਾ ਖੁਸ਼-ਹੈਸੀਅਤ ਮੋਰਚੇ ਵਿਰੁੱਧ ਪਿੰਡ ਪਿੰਡ ਤੋਂ ਜਥੇ ਤਿਆਰ ਕਰਕੇ ਭੇਜੇ। ਸਹਿਤ ਵਿਚ ਵਿਸ਼ੇਸ ਰੁਚੀ ਹੋਣ ਕਰਕੇ ਆਪ ਜੀ ਵੱਲੋਂ ਸ਼ੁਰੂ ਕੀਤੀ ਨਿੱਜੀ ਲਾਇਬਰੇਰੀ ਦੀਆਂ ਕਿਤਾਬਾਂ ਦਾ ਭੰਡਾਰ ਅਖ਼ਿਰ ਲੈਨਿਨ ਕਿਤਾਬ ਘਰ ਬਣ ਗਿਆ, ਜੋ ਅੱਜ ਵੀ ਸਾਰੇ ਉੱਤਰੀ ਭਾਰਤ ਵਿਚ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ। 
     ਆਪ ਹਮੇਸ਼ਾਂ ਲੋਕਾਂ ਨੂੰ ਸਾਂਤੀ ਅਤੇ ਪ੍ਰੇਮ ਨਾਲ ਰਹਿਣ ਦਾ ਸੰਦੇਸ਼ ਹੀ ਨਹੀਂ ਦਿੰਦੇ ਰਹੇ ਸਗੋਂ ਲੜਾਈ ਝਗੜਿਆਂ ਨੂੰ ਨਿਪਟਾ ਕੇ ਲੋਕਾਂ ਵਿਚ ਪ੍ਰੇਮ ਭਾਵਨਾਂ ਵੀ ਪੈਦਾ ਕਰਦੇ ਰਹੇ। ਆਪਦੀ ਪਰਪੱਕ ਸੋਚ ਦਾ ਪਤਾ ਆਪਜੀ ਦੇ ਸਰੀਰਦਾਨ ਕਰਨ ਤੋਂ ਸਹਿਜੇ ਹੀ ਨਜ਼ਰੀਂ ਪੈਦਾ ਹੈ। ਜਿਥੇ ਆਪ ਨੇ ਆਪਣੇ ਜੀਵਨ ਨੂੰ ਸਮਾਜ ਦੇ ਲੇਖੇ ਲਾਇਆ ਉੱਥੇ ਸਰੀਰ ਦਾਨ ਕਰਕੇ ਆਪਣੇ ਅੰਤਿਮ ਸਾਹਾਂ ਨੂੰ ਲੋਕਾਈ ਦੇ ਲੇਖੇ ਲਾ ਗਏ।
     ਆਪ ਜੀ ਦੇ ਦਰਸਾਏ ਮਾਰਗ 'ਤੇ ਚੱਲਦੇ ਹੋਏ ਆਪ ਜੀ ਦੇ ਬੇਟੇ ਪ੍ਰੀਤਮ ਸਿੰਘ ਦਰਦੀ, ਅਵਤਾਰ ਸਿੰਘ ਅਣਖੀ ਜਿੱਥੇ ਸਮਾਜ ਸੇਵਾ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਉੱਥੇ ਪੱਤਰਕਾਰਤਾ ਦੇ ਖੇਤਰ ਵਿਚ ਮਾਨਵੀ ਨੈਤਿਕ ਕਦਰਾਂ ਕੀਮਤਾਂ ਦੀ ਰਾਖੀ ਲਈ ਉਸਾਰੂ ਰੋਲ ਅਦਾ ਕਰ ਰਹੇ ਹਨ। ਸਰੀਰਦਾਨੀ ਕਾਮਰੇਡ ਮੱਲ ਸਿੰਘ ਨਮਿਤ ਸ੍ਰੀ ਸਹਿਜ ਪਾਠ ਸਹਿਬ ਦਾ ਭੋਗ ਅਤੇ ਸਰਧਾਂਜਲੀ ਸਮਾਗਮ 28 ਜਨਵਰੀ ਸ਼ੁੱਕਰਵਾਰ ਨੂੰ ਗੁਰਦੁਆਰਾ ਸਹਿਬ ਪਾਤਸ਼ਾਹੀ ਛੇਂਵੀ ਮਹਿਲ ਕਲਾਂ (ਬਰਨਾਲਾ) ਵਿਖੇ ਇਕ ਵਜੇ ਹੋ ਰਿਹਾ ਹੈ। ਇਸ ਸਮੇਂ ਵੱਖ-ਵੱਖ ਰਾਜਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

ਮੰਜ਼ਿਲ 'ਤੇ ਤੁਰਦੇ ਜੋ ਰਾਹੀ ਮੰਜ਼ਿਲ ਸਰ ਕਰ ਹੀ ਜਾਂਦੇ ਨੇ,
ਜਗਣ ਝੱਖੜਾਂ 'ਚ ਜੋ ਦੀਵੇ ਰੌਸ਼ਨੀ ਕਰ ਹੀ ਜਾਂਦੇ ਨੇ।

ਲੇਖਕ
ਗੁਰਪ੍ਰੀਤ ਸਿੰਘ ਅਣਖੀ
ਮਹਿਲ ਕਲਾਂ (ਬਰਨਾਲਾ)
ਮੋਬਾਇਲ:+91 99145 65135

No comments:

Post a Comment