►ਲੋਕਾਂ ਨੂੰ ਰਾਜਨੀਤਕ ਫੈਕਟਰੀਆਂ ਦਾ ਕੱਚਾ ਮਾਲ ਸਮਝਦੇ ਨੇ ਲੀਡਰ - ਭਗਵੰਤ ਮਾਨ
ਪੱਤਰ ਪ੍ਰੇਰਕ
ਮਹਿਲ ਕਲਾਂ, 21 ਸਤੰਬਰ
ਮਹਿਲ ਕਲਾਂ ਵਿਖੇ ਪੀਪਲਜ਼ ਪਾਰਟੀ ਆੱਫ ਪੰਜਾਬ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ, ਭਗਵੰਤ ਮਾਨ ਸਮੇਤ ਵੱਖ-ਵੱਖ ਬੁਲਾਰੇ। (ਹੇਠਾਂ) ਵਿਸ਼ਾਲ ਇਕੱਠ। |
ਮਹਿਲ ਕਲਾਂ, 21 ਸਤੰਬਰ
ਅਕਾਲੀ ਦਲ ਦੁਆਰਾ ਸਮੇਂ ਦੀ ਹਕੂਮਤ ਦਾ ਨਜ਼ਾਇਜ ਫਾਇਦਾ ਉਠਾਉਦਿਆਂ ਪੀਪਲਜ਼ ਪਾਰਟੀ ਦੇ ਆਗੂ ਵਰਕਰਾਂ ਨੂੰ ਡਰਾਅ ਧਮਕਾ ਉਨ੍ਹਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ, ਪਰ ਅਸੀਂ ਉਨ੍ਹਾਂ ਨੂੰ ਦੱਸਣਾ ਚਹੁੰਦੇ ਹਾਂ ਜਿਸ ਦਿਨ ਪੀਪਲਜ਼ ਪਾਰਟੀ ਦਾ ਹਥੌੜਾ ਚੱਲਿਆ ਅਕਾਲੀ ਦਲ ਦੇ ਟੁੱਕੜੇ ਟੁੱਕੜੇ ਹੋ ਜਾਣਗੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆੱਫ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਅਨਾਜ ਮੰਡੀ ਮਹਿਲ ਕਲਾਂ ਵਿਖੇ ਹਲਕੇ ਦੇ ਲੋਕਾਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਅੱਜ ਤੋਂ ਚਾਰ ਮਹੀਨੇ ਬਾਅਦ ਪੰਜਾਬ ਵਿਚ ਬੰਦੇ ਦਾ ਨਹੀਂ ਸਗੋਂ ਕਾਨੂੰਨ ਦਾ ਰਾਜ ਆਵੇਗਾ ਅਤੇ ਪੀਪਲਜ਼ ਪਾਰਟੀ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਵੇਗੀ। ਸ. ਬਾਦਲ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਨਸ਼ਿਆ ਦੀ ਦਲ ਦਲ ਵਿਚ ਧਸ ਰਹੇ ਹਨ, ਦਿਨੋਂ ਦਿਨ ਵਧ ਰਹੀ ਮਹਿੰਗਾਈ ਨੇ ਪੰਜਾਬ ਦੇ ਕਿਰਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਪਰ ਸਰਕਾਰਾਂ ਅਜਿਹੇ ਵਿਚ ਵਿਕਾਸ ਦਾ ਢਿਡੋਰਾ ਪਿੱਟ ਰਹੀਆਂ ਹਨ। ਉਨ੍ਹਾਂ ਕਿ ਜਿਹੜੀ ਅਜ਼ਾਦੀ ਦੀ ਪ੍ਰਾਪਤੀ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਗੇ ਯੋਧਿਆਂ ਨੇ ਕੁਰਬਾਨੀਆਂ ਕੀਤੀ ਅਸਲੀਅਤ ਵਿਚ ਉਹ ਅਜ਼ਾਦੀ ਲੋਕਾਂ ਨੂੰ ਮਿਲੀ ਹੀ ਨਹੀਂ ਸਾਡੇ ਲੀਡਰਾਂ ਨੇ ਲੋਕਾਂ ਨੂੰ ਆਪਣੇ ਗੁਲਾਮ ਬਣਾ ਰੱਖਿਆ ਹੈ। ਉਨਾਂ ਕਿ ਪੀਪਲਜ਼ ਪਾਰਟੀ ਦੇ ਰਾਜ ਵਿਚ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਊਗੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਪੂਰੇ ਪੂਰੇ ਹੱਕ ਮਿਲਣਗੇ। ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇ ਹਾਕਮ ਪੰਜਾਬ ਦੇ ਲੋਕਾਂ ਨੂੰ ਆਪਣੀ ਰਾਜਨੀਤਕ ਫੈਕਟਰੀਆਂ ਦਾ ਕੱਚਾ ਮਾਲ ਸਮਝਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਤੇ ਟਿਪਣੀ ਕਰਦਿਆਂ ਕਿਹਾ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਲਕਿ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੈ ਕਿਉਕਿ ਕਮੇਟੀ ਮੈਂਬਰਾਂ ਅਤੇ ਅਕਾਲੀ ਲੀਡਰਾਂ ਦਾ ਧਿਆਨ ਗੁਰਦੁਆਰਿਆਂ ਉੱਤੇ ਘੱਟ ਅਤੇ ਗੁਰੂ ਦੀ ਗੋਲਕ ਨੂੰ ਹਜ਼ਮ ਕਰਨ ਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਮੈਂ ਬਚਪਨ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਦਾ ਇਕ ਬਿਆਨ ਪੜ੍ਹਦਾ ਆ ਰਿਹਾਂ ਕਿ "ਇਕ ਵਾਰ ਮੌਕਾ ਦੇ ਦਿਓ ਪੰਜਾਬ ਨੂੰ ਕੈਲੇਫੋਰਨੀਆਂ ਬਣਾ ਦਿਆਂਗਾ", ਪਰ ਅਫ਼ਸੋਸ ਇਨ੍ਹਾਂ ਲੋਕਾਂ ਨੇ ਤਾਂ ਅੱਜ ਪੰਜਾਬ ਨੂੰ ਪੰਜਾਬ ਵੀ ਰਹਿਣ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਲੀਡਰਾਂ ਵਾਂਗ ਲੋਕਾਂ ਦੀਆਂ ਭੀੜਾਂ ਇਕੱਠੀਆਂ ਨਹੀਂ ਕਰਦੇ ਸਗੋਂ ਲੋਕਾਂ ਦੀਆਂ ਪੀੜ੍ਹਾਂ ਇਕੱਠੀਆਂ ਕਰਦੇ ਹਾਂ। ਇਸ ਮੌਕੇ ਕੁਲਵੰਤ ਸਿੰਘ ਲੋਹਗੜ੍ਹ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਾਬਕਾ ਵਿਧਾਇਕ ਰਾਜ ਸਿੰਘ ਖੇੜੀ ਤੇ ਗਿਆਨੀ ਭਗਵੰਤ ਸਿੰਘ ਖ਼ਾਲਸਾ ਨੇ ਹਲਕੇ ਦੇ ਲੋਕਾਂ ਨੂੰ ਪੀਪਲਜ਼ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ। ਸਾਬਕਾ ਚੇਅਰਮੈਨ ਸਿੰਗਾਰਾ ਸਿੰਘ ਸੇਖਾ, ਜਸਵੰਤ ਸਿੰਘ ਝਲੂਰ, ਸ. ਗੁਲਬੰਤ ਸਿੰਘ ਔਲਖ, ਨੰਬਰਦਾਰ ਨਛੱਤਰ ਸਿੰਘ, ਸਰਬਜੀਤ ਸਿੰਘ ਕਲਾਲ ਮਾਜਰਾ, ਪਰਮਜੀਤ ਸਿੰਘ ਰੰਗੀਆਂ, ਬਲਵੰਤ ਸਿੰਘ ਮੱਕੜ, ਨਛੱਤਰ ਸਿੰਘ ਕਲਕੱਤਾ, ਪ੍ਰਧਾਨ ਰੂਪ ਸਿੰਘ ਸਮਰਾ ਦੀ ਅਗਵਾਈ ਹੇਠ ਸ. ਮਨਪ੍ਰੀਤ ਸਿੰਘ ਬਾਦਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਿਰ ਲੋਕਾਂ ਨੇ ਹੱਥ ਖੜ੍ਹੇ ਕਰਕੇ ਪੀਪਲਜ਼ ਪਾਰਟੀ ਦੇ ਹੱਕ ਵਿਚ ਡਟਣ ਦਾ ਐਲਾਨ ਕੀਤਾ।
No comments:
Post a Comment