 |
ਗਾਇਕ ਗੁਰਜੀਤ ਰਾਹਲ - Singer Gurjit Rahal |
ਪੰਜਾਬੀ ਸੰਗੀਤ ਜਗਤ ਵਿਚ ਪਲੇਠੀ ਐਲਬਮ 'ਪੀਘਾਂ ਪਿਆਰ ਦੀਆਂ' ਰਾਹੀਂ ਆਪਣੀ ਗਾਇਕੀ ਦਾ ਲੋਹਾ ਮੰਨਵਾ ਚੁੱਕਿਆ ਨੌਜਵਾਨ ਪੰਜਾਬੀ ਗਾਇਕ ਗੁਰਜੀਤ ਰਾਹਲ ਇਕ ਵਾਰ ਫੇਰ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਿਊਜ਼ਿਕ ਬੈਂਡ ਆਰ. ਡੀ. ਬੀ. ਨਾਲ ਆਪਣੀ ਨਵੀਂ ਸੋਲੋ ਪੰਜਾਬੀ ਐਲਬਮ 'ਦੀ ਟੇਕਓਵਾ' ਨੂੰ ਲੈ ਕੇ ਚਰਚਾ ਵਿਚ ਹੈ। ਗੁਰਜੀਤ ਅੱਜ ਕੈਨੇਡਾ ਦੇ ਘੁੱਗ ਵਸਦੇ ਸ਼ਹਿਰ ਟਰਾਂਟੋ ਦਾ ਵਸਨੀਕ ਹੈ ਪਰ ਇਸ ਪੰਜਾਬੀ ਗਾਇਕ ਦਾ ਪਿਛੋਕੜ ਮਾਲਵਾ ਖੇਤਰ ਵਿਚ ਪੈਂਦੇ ਕਸਬਾ ਮਹਿਲ ਕਲਾਂ (ਬਰਨਾਲਾ) ਨਾਲ ਸੰਬੰਧਿਤ ਹੈ। ਪਿਤਾ ਸ: ਸਾਧੂ ਸਿੰਘ ਰਾਹਲ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਜਨਮੇ ਇਸ ਪੰਜਾਬੀ ਗਾਇਕ ਗੁਰਜੀਤ ਰਾਹਲ ਦੇ ਮਨ ਵਿਚ ਬਚਪਨ ਤੋਂ ਹੀ ਗਾਇਕ ਬਨਣ ਦਾ ਸੁਪਨਾ ਪਣਪ ਰਿਹਾ ਸੀ ਅਤੇ ਉਹ ਇਹੀ ਸੁਪਨਾ ਲੈ ਕੇ 14 ਸਾਲ ਦੀ ਉਮਰ ਵਿਚ ਕੈਨੇਡਾ ਚਲਾ ਗਿਆ, ਜਿਥੇ ਉਸ ਨੇ ਉਸਤਾਦ ਮਹੇਸ਼ ਮਲਵਾਨੀ ਕੋਲ 4-5 ਸਾਲ ਸਖ਼ਤ ਮਿਹਨਤ ਮੁਸ਼ੱਕਤ ਨਾਲ ਸੰਗੀਤ ਦੀਆਂ ਬਾਰੀਕੀਆਂ ਬਾਰੇ ਤਾਲੀਮ ਹਾਸਲ ਕੀਤੀ। ਅੰਤ ਗੁਰਜੀਤ ਦੀ ਪਹਿਲੀ ਐਲਬਮ ਪ੍ਰਸਿੱਧ ਸੰਗੀਤਕਾਰ ਸੁਖਪਾਲ ਸੁੱਖ ਦੇ ਸੰਗੀਤ ਵਿਚ ਗੀਤਕਾਰ ਮਨਪ੍ਰੀਤ ਟਿਵਾਣਾ ਦੁਆਰਾ ਲਿਖੇ ਗੀਤਾਂ ਨੂੰ ਭਾਰਤੀ ਵਿਸ਼ਵ ਪ੍ਰਸਿੱਧ ਕੈਸੇਟ ਕੰਪਨੀ ਯੂਨੀਵਰਸਲ ਦੁਆਰਾ ਮਾਰਕੀਟ ਵਿਚ ਉਤਾਰਿਆ ਗਿਆ, ਜਿਸ ਨੂੰ ਪੰਜਾਬੀ ਸਰੋਤਿਆਂ ਨੇ ਗੁਰਜੀਤ ਦੀ ਸਖ਼ਤ ਮਿਹਨਤ ਦਾ ਮੁੱਲ ਪਾਉਂਦੇ ਹੋਏ, ਰੱਜਵਾਂ ਪਿਆਰ ਦੇ ਕੇ ਨਿਵਾਜਿਆ ਅਤੇ ਉਸ ਦੀ ਅਹਿਮ ਪਹਿਚਾਣ ਬਣਾਈ। ਭਾਵੇਂ ਗੁਰਜੀਤ ਅੱਜਕਲ੍ਹ ਟੋਰਾਂਟੋ ਦਾ ਵਸਨੀਕ ਹੈ ਪਰ ਉਸ ਨੇ ਕਦੇ ਆਪਣੇ ਪਿਛੋਕੜ ਤੇ ਅਮੀਰ ਪੰਜਾਬੀ ਵਿਰਸੇ ਨੂੰ ਮਨੋ ਨਹੀਂ ਵਿਸਾਰਿਆ ਅਤੇ ਉਸ ਦੇ ਹਿਰਦੇ ਅੰਦਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਮੋਹ ਠਾਠਾਂ ਮਾਰ ਰਿਹਾ ਹੈ। ਇਹੀ ਕਾਰਨ ਹੈ ਕਿ ਉਹ ਵਿਦੇਸ਼ ਵਿਚ ਰਹਿ ਕੇ ਵੀ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰ ਰਿਹਾ ਹੈ। ਹਮੇਸ਼ਾ ਮਨ ਵਿਚ ਕੁਝ ਵੱਖਰਾ ਕਰਨ ਦਾ ਚਾਹਵਾਨ ਹਰਮਨ-ਪਿਆਰੇ ਪੰਜਾਬੀ ਗਾਇਕ ਨੇ ਆਪਣੀ ਦੂਸਰੀ ਪੰਜਾਬੀ ਸੋਲੋ ਐਲਬਮ 'ਦੀ ਟੇਕਓਵਾ' ਸਰੋਤਿਆਂ ਦੀ ਝੋਲੀ ਪਾਈ ਹੈ। ਇਸ ਐਲਬਮ ਵਿਚ ਹਰ ਵਰਗ ਦੇ ਸਰੋਤਿਆਂ ਦੀ ਨਬਜ਼ ਨੂੰ ਪਹਿਚਾਣਦੇ ਹੋਏ ਕੁੱਲ 12 ਗੀਤ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਛੇ ਗੀਤ "ਐਸ਼ ਕਰੋਗੀ", "ਜਿੰਦ ਜਾਨ", "ਬੋਤਲਾਂ ਦੇ ਡੱਟ", "ਸੋਹਣਿਆ ਵੇ ਆਜਾ", "ਲਇਸੰਸ" ਅਤੇ "ਬੋਲ ਮਿੱਤਰਾ" ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ, ਦੋ ਗੀਤ "ਭਰਾਵਾਂ" 'ਤੇ "ਗਲਾਸ" ਗੁਰਮਿੰਦਰ ਮੱਦੋਕੇ, ਦੋ ਗੀਤ "ਪੰਜਾਬੀ" ਅਤੇ "ਬਾਜ਼ਾਂ ਵਾਲੇ" ਗੈਰੀ ਟਰਾਂਟੋ, ਇਕ ਗੀਤ "ਹਰੇਕ ਬੰਦਾ" ਰਾਜਾ ਰਾਹਲ ਅਤੇ ਇਕ ਗੀਤ "ਖੁਸ਼ੀਆਂ" ਅਲੀ ਫਤਿਹਗੜ੍ਹ ਜੱਟਾਂ ਨੇ ਆਪਣੀ ਕਲਮ ਦੁਆਰਾ ਬੜੇ ਖੂਬਸੂਰਤ ਢੰਗ ਨਾਲ ਲਿਖੇ ਹਨ। ਇਸ ਦੇ ਸਾਰੇ ਗੀਤਾਂ ਦਾ ਸੰਗੀਤ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਆਰ. ਡੀ. ਬੀ. ਮਿਊਜ਼ਿਕ ਬੈਂਡ ਵੱਲੋਂ ਬੜੇ ਹੀ ਨਿਵੇਕਲੇ ਢੰਗ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਯੂਨੀਵਰਸਲ ਵੱਲੋਂ ਦੁਨੀਆ ਪੱਧਰ 'ਤੇ ਰਿਲੀਜ਼ ਕੀਤਾ ਹੈ।
 |
'ਐਸ਼ ਕਰੋਗੀ' ਦੇ ਵੀਡੀਓ ਫਿਲਮਾਂਕਣ ਦੌਰਾਨ ਗੁਰਜੀਤ ਰਾਹਲ ਅਤੇ ਆਰ. ਡੀ. ਬੀ.। |
ਐਲਬਮ ਦੇ ਇਕ ਗੀਤ 'ਐਸ਼ ਕਰੋਗੀ' ਦਾ ਵੀਡੀਓ ਕੈਲੇਫੋਰਨੀਆ ਅਤੇ ਸਨਫ੍ਰਾਂਸਿਸਕੋ ਵਿਚ ਨਾਮਵਰ ਵੀਡੀਓ ਡਾਇਰੈਕਟਰ ਸਨੀਲ ਦਿਓ ਦੀ ਡਾਇਰੈਕਸ਼ਨ ਹੇਠ ਫ਼ਿਲਮਾਇਆ ਗਿਆ ਹੈ, ਜੋ ਵੱਖ-ਵੱਖ ਚੈਨਲਾਂ 'ਤੇ ਸਫਲਤਾ ਪੂਰਬਕ ਚੱਲ ਰਿਹਾ ਹੈ, ਇਕ ਹੋਰ ਗੀਤ "ਗਲਾਸ" ਦਾ ਵੀਡੀਓ ਨਿਰਦੇਸ਼ਕ ਸੁਮੀਤ ਭਾਰਦਵਾਜ਼ ਸੁਚੱਜੇ ਢੰਗ ਨਾਲ ਤਿਆਰ ਕੀਤਾ ਹੈ, ਜਿਸਨੂੰ ਸਰੋਤੇ ਆਉਂਦੇ ਕੁਝ ਦਿਨਾਂ ਤੱਕ ਵੱਖ-ਵੱਖ ਚੈਨਲਾਂ ਤੇ ਦੇਖ ਸਕਣਗੇ ਅਤੇ ਬਾਕੀ ਦੇ ਸਾਰੇ ਵੀਡੀਓਜ਼ ਦੇ ਫ਼ਿਲਮਾਂਕਣ ਦਾ ਕੰਮ ਭਾਰਤ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਕੀਤਾ ਜਾ ਰਿਹਾ ਹੈ। ਇਸ ਸੁਰੀਲੇ ਪੰਜਾਬੀ ਗਾਇਕ ਗੁਰਜੀਤ ਰਾਹਲ ਨੂੰ ਜਿੱਥੇ ਆਪਣੀ ਇਸ ਐਲਬਮ ਤੋਂ ਭਰਪੂਰ ਆਸਾਂ ਹਨ, ਉੱਥੇ ਅਸੀਂ ਵੀ ਇਸ ਦੀ ਕਾਮਯਾਬੀ ਦੀ ਦੁਆ ਕਰਦੇ ਹਾਂ।
ਯੂ ਟਿਊਬ ਉੱਤੇ "ਐਸ਼ ਕਰੋਗੀ" ਗੀਤ ਦਾ ਵੀਡੀਓ ਦੇਖਣ ਲਈ ਇਸ ਲਿੰਕ ਤੇ ਕਲਿਕ ਕਰੋ।
-ਗੁਰਪ੍ਰੀਤ ਸਿੰਘ ਅਣਖੀ
ਮਹਿਲ ਕਲਾਂ (ਬਰਨਾਲਾ)।
Cell. +91 99145 65135
No comments:
Post a Comment