ਅੱਜਕਲ੍ਹ ਇਕ ਪੰਜਾਬੀ ਗੀਤ 'ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁਲ੍ਹੇ' ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਨੌਜਵਾਨ ਲੇਖਕ ਅਕਾਸ਼ਦੀਪ ਸਿੰਘ ਉਰਫ਼ ਬੱਬੂ ਦੁਆਰਾ ਲਿਖੇ ਅਤੇ ਸ਼ੈਰੀ ਮਾਨ ਦੁਆਰਾ ਗਾਏ ਇਸ ਗੀਤ ਨੇ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ ਹੈ। 21 ਸਾਲਾ ਬੇਹੱਦ ਮਿੱਠਬੋਲੜੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਬੱਬੂ ਦਾ ਜਨਮ ਜ਼ਿਲ੍ਹਾ ਮੋਹਾਲੀ ਸ਼ਹਿਰ ਕੁਰਾਲੀ ਵਿਖੇ ਮਾਤਾ ਨਰਵਿੰਦਰ ਕੌਰ ਦੀ ਕੁੱਖੋਂ ਪਿਤਾ ਅਮਰਜੀਤ ਸਿੰਘ ਦੇ ਘਰ 14 ਦਸੰਬਰ 1989 'ਚ ਹੋਇਆ। ਅੱਜਕਲ੍ਹ ਉਹ ਚੰਡੀਗੜ੍ਹ ਬੀ-ਟੈਕ ਦਾ ਵਿਦਿਆਰਥੀ ਹੈ। ਬੱਬੂ ਅਨੁਸਾਰ ਉਸਨੇ 17 ਕੁ ਸਾਲ ਦੀ ਉਮਰ ਵਿਚ ਲਿਖਣਾਂ ਸੁਰੂ ਕੀਤਾ ਅਤੇ ਹੁਣ ਤੱਕ ਚਾਰ ਸੌ ਦੇ ਕਰੀਬ ਗੀਤ ਲਿਖ ਚੁੱਕਾ ਹੈ, ਜਿਨ੍ਹਾਂ ਵਿਚੋਂ ਉਸਨੂੰ ਕਾਮਯਾਬੀ ਦਿਵਾਉਂਣ ਵਾਲਾ ਗੀਤ 'ਯਾਰ ਅਣਮੁੱਲੇ' ਵੀ ਇਕ ਹੈ ਜਿਸਨੂੰ ਸ਼ੈਰੀ ਮਾਨ ਦੀ ਸੁਰੀਲੀ ਅਵਾਜ਼ ਅਤੇ ਸਰਵਪ੍ਰੀਤ ਸਿੰਘ ਧੰਮੂ ਉਰਫ ਨਿੱਕ ਕੈਨੇਡਾ ਨੇ ਬਹੁਤ ਜੀ ਖ਼ੂਬਸੂਰਤ ਸੰਗੀਤ ਨਾਲ ਸ਼ਿੰਗਾਰਿਆ। ਯਾਰ ਅਣਮੁੱਲੇ ਗੀਤ ਕਾਲਜ਼ ਦੀ ਮੌਜ ਮਸਤ ਰੂਪੀ ਜ਼ਿੰਦਗੀ ਦਾ ਅਕਸ ਇਕ ਵਿਲੱਖਣ ਰੂਪ ਵਿਚ ਪੇਸ਼ ਕਰਦਿਆਂ ਆਪਣੇ ਦੋਸਤਾਂ ਨੂੰ ਗੀਤ ਦੇ ਪਾਤਰਾਂ ਦੇ ਰੂਪ ਬੜੇ ਖੁਬਸੂਰਤ ਢੰਗ ਨਾਲ ਚਿੱਤਰਿਆ ਹੈ ਅਤੇ ਇਹੀ ਕਾਰਨ ਹੈ ਕਿ ਨੌਜਵਾਨਾਂ ਨੇ ਇਸਨੂੰ ਪਸੰਦ ਕੀਤਾ 'ਤੇ ਹਰੇਕ ਨੌਜਵਾਨ ਇਨ੍ਹਾਂ ਵਿਚੋਂ ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਅਜੇ ਇਸ ਗੀਤ ਨੂੰ ਕਿਸੇ ਵੀ ਕੰਪਨੀ ਦੁਆਰਾ ਮਾਰਕੀਟ ਵਿਚ ਰਿਲੀਜ਼ ਨਹੀਂ ਕੀਤਾ ਗਿਆ ਸੀ ਕਿ ਵੈਬ ਸਾਈਟ ਯੂ ਟਿਊਬ ਡਾਟ ਕਾਮ ਉੱਤੇ ਜਦੋਂ ਬੱਬੂ, ਸ਼ੈਰੀ ਅਤੇ ਨਿੱਕ ਦੀ ਤਿਕੜੀ ਨੇ ਜਦੋਂ ਸ੍ਰੋਤਿਆਂ ਦੇ ਰੂ-ਬ-ਰੂ ਕੀਤਾ ਤਾਂ ਦੇਖਿਆਂ ਹੀ ਦੇਖਦਿਆ ਇਸਨੂੰ ਚਾਹੁੰਣ ਵਾਲਿਆਂ ਦੀ ਗਿਣਤੀ ਤਿੰਨ ਹਫ਼ਤਿਆਂ ਵਿਚ ਚਾਰ ਲੱਖ ਤੱਕ ਪਹੁੰਚ ਗਈ ਅਤੇ ਹੁਣ ਇਸ ਨੂੰ ਬਕਾਇਦਾ ਐਲਬਮ ਦੇ ਰੂਪ ਵਿਚ ਸਪੀਡ ਰਿਕਾਰਡਜ਼ ਵੱਲੋਂ ਮਾਰਕੀਟ ਵਿਚ ਪੇਸ਼ ਕੀਤਾ ਗਿਆ ਹੈ। ਬੱਬੂ ਨੂੰ ਉਰਦੂ ਅਤੇ ਪੰਜਾਬੀ ਸ਼ਾਇਰੀ ਪੜ੍ਹਨਾ ਬਹੁਤ ਪਸੰਦ ਹੈ, ਪਾਕਿਸਤਾਨੀ ਉਰਦੂ ਸ਼ਾਇਰ ਅਹਿਮਦ ਫਰਾਜ਼, ਗੁਰਦਾਸ ਮਾਨ, ਡਾ. ਸਤਿੰਦਰ ਸਰਤਾਜ, ਦੇਬੀ ਮਖ਼ਸੂਸਪੁਰੀ ਦੀ ਲੇਖਣੀ ਅਤੇ ਗਾਇਕੀ ਤੋਂ ਬਹੁਤ ਪ੍ਰਭਾਵਿਤ ਹੈ। ਉਹ ਅਕਸਰ ਹੀ ਆਪਣੀ ਲੇਖਣੀ ਬਾਰੇ ਸ਼ਾਇਰਾਨਾ ਅੰਦਾਜ਼ ਵਿਚ ਆਖਦਾ ਹੈ:
ਸੱਚੀਆਂ ਗੱਲਾਂ ਲਿਖੀਏ ਤਾਂ ਹੀ ਲੋਕ ਸਲਾਹੁਵਣਗੇ,
ਨਹੀਂ ਤਾਂ 'ਬੱਬੂ' ਤੇਰੇ ਵਰਗੇ ਐਥੇ ਕਿੰਨੇ ਹੀ ਆਵਣਗੇ।
ਗੀਤ 'ਯਾਰ ਅਣਮੁਲੇ' ਨੂੰ ਮਿਲੇ ਅਥਾਹ ਪਿਆਰ ਸਦਕਾ ਉਸਦੇ ਆਤਮ ਵਿਸ਼ਵਾਸ ਵਿਚ ਵਾਧਾ ਹੋਇਆ, ਉਹ ਅੱਜਕਲ੍ਹ ਗਾਉਣ ਦੀ ਬਕਾਇਦਾ ਤਾਲੀਮ ਹਾਸਲ ਕਰ ਰਿਹਾ ਹੈ ਅਤੇ ਜਲਦ ਦੀ ਆਪਣੇ ਦੁਆਰਾ ਲਿਖੇ ਗੀਤ ਨੂੰ ਆਪਣੀ ਆਵਾਜ਼ ਦੇ ਕੇ ਸ੍ਰੋਤਿਆਂ ਦੀ ਝੋਲੀ ਪਾਵੇਗਾ। ਪੰਜਾਬੀ ਸੰਗੀਤ ਜਗਤ ਵਿਚ ਬਹੁਤ ਕੁਝ ਨਵਾਂ ਕਰ ਦਿਖਾਉਂਣ ਦੇ ਸੁਪਨੇ ਵੇਖ ਰਹੇ ਇਸ ਪਰਿਤਭਾਸ਼ਾਲੀ ਨੌਜਵਾਨ ਲੇਖਕ ਬੱਬੂ ਤੋਂ ਜਿਥੇ ਸਮੂਹ ਪੰਜਾਬੀ ਸ੍ਰੋਤਿਆਂ ਨੂੰ ਬਹੁਤ ਆਸਾਂ ਹਨ ਉਥੇ ਅਸੀਂ ਵੀ ਇਸਦੇ ਸਭ ਸੁਪਨੇ ਸਾਕਾਰ ਹੋਣ ਦੀ ਦੁਆ ਕਰਦੇ ਹਾਂ।
-ਗੁਰਪ੍ਰੀਤ ਸਿੰਘ ਅਣਖੀ
ਮਹਿਲ ਕਲਾਂ (ਬਰਨਾਲਾ)।
Cell. +91 99145 65135
Cell. +91 99145 65135
gurpreetankhi@gmail.com
http://www.facebook.com/gurpreetsinghankhi
http://www.facebook.com/gurpreetsinghankhi
23 ਮਾਰਚ 2011 ਦੇ ਰੋਜ਼ਾਨਾ ਅਜੀਤ ਵਿਚ ਛਪਿਆ ਇਹ ਆਰਟੀਕਲ। |